10 cases of Corona including doctor : ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਮਾਮਲੇ ਲਗਾਤਾਰ ਜ਼ਿਲੇ ਵਿਚ ਵਧਦੇ ਹੀ ਜਾ ਰਹੇ ਹਨ। ਅੱਜ ਫਿਰ ਜ਼ਿਲੇ ਵਿਚ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ ਇਕ ਡਾਕਟਰ ਸਣੇ 10 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਾਜ਼ੀਟਿਵ ਆਏ ਮਾਮਲਿਆਂ ਵਿਚੋਂ ਤਿੰਨ ਲੋਕ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਸਨ, ਉਥੇ ਹੀ 5 ਮਰੀਜ਼ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਥੇ ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਹੁਣ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਵਧ ਕੇ 416 ਹੋ ਗਈ ਹੈ ਤੇ ਹੁਣ ਤੱਕ 7 ਲੋਕ ਇਸ ਵਾਇਰਸ ਨਾਲ ਜ਼ਿਲੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਤੱਕ ਕੋਰੋਨਾ ਦੇ ਪੰਜਾਬ ਵਿਚ 2460 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ ਦਿਨ ਵੀ ਸੂਬੇ ਵਿਚੋਂ ਕੋਰੋਨਾ ਦੇ 27 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਪੰਜਾਬ ਵਿਚ ਇਸ ਵਾਇਰਸ ਨਾਲ 48 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਵੀ ਲੁਧਿਆਣਾ ਦੇ ਡੀਐਮਸੀਐਚ ਹਸਪਤਾਲ ਵਿਚ ਜਲੰਧਰ ਦੀ ਟੈਗੋਰ ਨਗਰ ਦੀ 64 ਸਾਲਾ ਬਜ਼ੁਰਗ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਥੇ ਹੀ ਅੱਜ ਵੀ ਸੂਬੇ ਦੇ ਜਲੰਧਰ, ਬਠਿੰਡਾ, ਪਠਾਨਕੋਟ, ਗੁਰਦਾਸਪੁਰ ਤੇ ਕਪੂਰਥਲਾ ਜ਼ਿਲਿਆਂ ਵਿਚੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।