Bangladesh cricketers denied permission: ਕੋਰੋਨਾ ਵਾਇਰਸ ਕਾਰਨ ਬੰਦ ਪਏ ਕ੍ਰਿਕਟ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਖਿਡਾਰੀਆਂ ਦੀ ਟ੍ਰੇਨਿੰਗ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇੰਗਲੈਂਡ ਅਤੇ ਵੈਸਟਇੰਡੀਜ਼ ਵਿੱਚ ਖਿਡਾਰੀਆਂ ਨੇ ਆਪਣੀ ਟੀਮ ਨਾਲ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ, ਪਰ ਬੰਗਲਾਦੇਸ਼ ਵਿੱਚ ਫਿਲਹਾਲ ਖਿਡਾਰੀਆਂ ਨੂੰ ਸਟੇਡੀਅਮ ਵਿੱਚ ਟ੍ਰੇਨਿੰਗ ਦੇਣ ਦੀ ਆਗਿਆ ਨਹੀਂ ਹੈ । ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਫਿਲਹਾਲ ਘਰ ਵਿੱਚ ਹੀ ਟ੍ਰੇਨਿੰਗ ਕਰਨ ਲਈ ਕਿਹਾ ਹੈ ।
ਕ੍ਰਿਕਬਜ਼ ਦੀ ਰਿਪੋਰਟ ਅਨੁਸਾਰ ਬੰਗਲਾਦੇਸ਼ ਦੀ ਟੀਮ ਦੇ ਸੀਨੀਅਰ ਮੈਂਬਰ ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੇ ਬੋਰਡ ਤੋਂ ਟ੍ਰੇਨਿੰਗ ਦੀ ਆਗਿਆ ਮੰਗੀ ਸੀ, ਪਰ ਬੋਰਡ ਨੇ ਇਨਕਾਰ ਕਰ ਦਿੱਤਾ । ਰਿਪੋਰਟ ਅਨੁਸਾਰ, ਮੁਸ਼ਫਿਕੂਰ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ਵਿੱਚ ਟ੍ਰੇਨਿੰਗ ਸ਼ੁਰੂ ਕਰਨਾ ਚਾਹੁੰਦਾ ਸੀ, ਪਰ ਬੋਰਡ ਦੇ ਸੀਈਓ ਨਿਜ਼ਾਮੂਦੀਨ ਚੌਧਰੀ ਨੇ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਵਧੇਰੇ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਮੁਸ਼ਫਿਕੂਰ ਤੋਂ ਇਲਾਵਾ ਕੁਝ ਹੋਰ ਖਿਡਾਰੀ ਵੀ ਟ੍ਰੇਨਿੰਗ ਬਾਰੇ ਜਾਣਨਾ ਚਾਹੁੰਦੇ ਸਨ।
ਚੌਧਰੀ ਨੇ ਕਿਹਾ ਕਿ ਇਸ ਸਮੇਂ ਬੋਰਡ ਆਪਣੇ ਸਾਰੇ ਸੈਂਟਰਾਂ ਨੂੰ ਰੋਗਾਣੂ ਮੁਕਤ ਕਰਨ ਦਾ ਕੰਮ ਕਰ ਰਿਹਾ ਹੈ, ਜੋ ਕਿ ਅਜੇ ਪੂਰਾ ਨਹੀਂ ਹੋਇਆ ਹੈ । ਚੌਧਰੀ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਘਰ ਵਿੱਚ ਹੀ ਟ੍ਰੇਨਿੰਗ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਟ੍ਰੇਨਿੰਗ ਜ਼ਰੂਰੀ ਹੈ, ਪਰ ਖਿਡਾਰੀਆਂ ਦੀ ਸੁਰੱਖਿਆ ਵੀ ਜ਼ਰੂਰੀ ਹੈ ।
ਦੱਸ ਦੇਈਏ ਕਿ ਬੰਗਲਾਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ 55 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਤਕਰੀਬਨ 750 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ । ਦੇਸ਼ ਦੀ ਸਰਕਾਰ ਨੇ 31 ਮਈ ਨੂੰ ਹੀ ਲਾਕਡਾਊਨ ਨੂੰ ਖਤਮ ਕਰ ਦਿੱਤਾ ਸੀ । ਇਸ ਤੋਂ ਬਾਅਦ ਹੀ ਬੀਸੀਬੀ ਨੇ ਆਪਣੇ ਕੰਮ ਛੋਟੇ ਪੱਧਰ ‘ਤੇ ਸ਼ੁਰੂ ਕੀਤੇ ਹਨ ।