Troubled farmers due to labor shortage: ਬਰਨਾਲਾ : ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਰਕੇ ਸੂਬਾ ਛੱਡ ਕੇ ਮਜਬੂਰਨ ਆਪੋ-ਆਪਣੇ ਘਰਾਂ ਨੂੰ ਪਰਤਨਾਂ ਪਿਆ। ਪਰ ਹੁਣ ਪੰਜਾਬ ਵਿਚ ਮਜ਼ਦੂਰਾਂ ਦੀ ਕਮੀ ਦੇ ਚੱਲਦਿਆਂ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਮੇਂ ਝੋਨੇ ਦੀ ਲਵਾਈ ਦਾ ਸੀਜ਼ਨ ਹੈ ਅਤੇ ਇਸ ਵੇਲੇ ਕਿਸਾਨ ਕਾਫੀ ਹੱਦ ਤੱਕ ਮਜ਼ਦੂਰਾਂ ’ਤੇ ਨਿਰਭਰ ਕਰਦੇ ਹਨ, ਜਿਸ ਦੇ ਚੱਲਦਿਆਂ ਬਰਨਾਲਾ ਵਿਖੇ ਕਿਸਾਨ ਉੱਤਰ-ਪ੍ਰਦੇਸ਼ ਤੇ ਬਿਹਾਰ ਤੋਂ ਖੁਦ ਖਰਚਾ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਬਸਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਸੂਬੇ ਵਿਚ ਲਿਆਏ। ਇਸ ਦੇ ਲਈ ਕਿਸਾਨਾਂ ਵੱਲੋਂ 3 ਬੱਸਾਂ ਭੇਜੀਆਂ ਗਈਆਂ ਸੀ।
60 ਮਜ਼ਦੂਰਾਂ ਨੂੰ ਲੈ ਕੇ ਇਹ ਬੱਸਾਂ ਬਰਨਾਲਾ ਦੇ 2 ਪਿੰਡਾਂ ‘ਚ ਪਹੁੰਚੀਆਂ, ਜਿਥੇ ਉਨ੍ਹਾਂ ਦੀ ਆਉਣ ਦੀ ਖੁਸ਼ੀ ਪ੍ਰਗਟਾਉਂਦਿਆਂ ਕਿਸਾਨਾਂ ਵਲੋਂ ਹਾਰ ਪਾ ਕੇ ਮਜ਼ਦੂਰਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਰਨਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੋਂ ਕਿਸਾਨਾਂ ਵਲੋਂ ਬੱਸਾਂ ਭੇਜ ਕੇ ਲੇਬਰ ਮੰਗਵਾਈ ਗਈ। ਦੱਸ ਦੇਈਏ ਕਿ ਬਿਹਾਰ ਆਉਣ-ਜਾਣ ਲਈ ਇੱਕ ਬਸ ‘ਤੇ 1 ਲੱਖ 30 ਹਜ਼ਾਰ ਰੁਪਏ ਖਰਚਾ ਆਇਆ ਤੇ ਉੱਤਰ ਪ੍ਰਦੇਸ਼ ਲਈ 1 ਬੱਸ ਦਾ 65000 ਰੁਪਏ ਖਰਚਾ ਆਇਆ ਹੈ, ਜੋਕਿ ਕਿਸਾਨਾਂ ਤੇ ਲੇਬਰ ਵਲੋਂ ਆਪਸ ‘ਚ ਵੰਡ ਕੇ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਮਜ਼ਦੂਰਾਂ ਨੂੰ ਮਾਸਕ ਤੇ ਸੈਨੀਟਾਈਜ਼ਰ ਆਦਿ ਦਾ ਪੂਰਾ ਖਰਚਾ ਕਿਸਾਨਾਂ ਵਲੋਂ ਚੁੱਕਿਆ ਗਿਆ।
ਇਸ ਦੌਰਾਨ ਮਜ਼ਦੂਰਾਂ ਨੂੰ ਲਿਆਉਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰ ਕੋਰੋਨਾ ਕਾਰਨ ਡਰੇ ਹੋਏ ਸੀ ਤੇ ਟਰੇਨਾਂ ਨਾ ਚੱਲਣ ਕਾਰਨ ਪੰਜਾਬ ਆਉਣ ਨੂੰ ਤਿਆਰ ਨਹੀਂ ਸੀ। ਕਿਸਾਨਾਂ ਵਲੋਂ ਉਨ੍ਹਾਂ ਨੂੰ ਯਕੀਨ ਦਵਾਇਆ ਗਿਆ ਕਿ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਉਨ੍ਹਾਂ ਵਲੋਂ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮਜ਼ਦੂਰ ਉਨ੍ਹਾਂ ਨਾਲ ਪੰਜਾਬ ਆਉਣ ਲਈ ਸਹਿਮਤ ਹੋਏ ਹਨ। ਕਿਸਾਨਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉੱਤਰ-ਪ੍ਰਦੇਸ਼ ਤੇ ਬਿਹਾਰ ਆਦਿ ਸੂਬਿਆਂ ਤੋਂ ਵੀ ਪੰਜਾਬ ਲਈ ਟਰੇਨਾਂ ਚਲਾਈਆਂ ਜਾਣ ਤਾਂ ਜੋ ਲੇਬਰ ਪੰਜਾਬ ਆ ਸਕੇ।