US Coronavirus cases: ਵਾਸ਼ਿੰਗਟਨ: ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ । ਪੂਰੀ ਦੁਨੀਆ ਵਿੱਚ ਲਗਭਗ ਇੱਕ ਤਿਹਾਈ ਕੋਰੋਨਾ ਮਰੀਜ਼ ਅਮਰੀਕਾ ਵਿੱਚ ਹਨ । ਇੱਥੇ ਮਹਾਂਮਾਰੀ ਲਗਾਤਾਰ ਡਰਾਉਣੇ ਰੂਪ ਧਾਰਨ ਕਰ ਰਿਹਾ ਹੈ । ਐਤਵਾਰ ਨੂੰ ਇੱਥੇ 18,905 ਨਵੇਂ ਕੇਸ ਸਾਹਮਣੇ ਆਏ ਅਤੇ 373 ਲੋਕਾਂ ਦੀ ਮੌਤ ਹੋ ਗਈ । ਇਸ ਦੇ ਨਾਲ ਹੀ 20 ਲੱਖ ਤੋਂ ਜ਼ਿਆਦਾ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ ।
ਵਰਲਡਮੀਟਰ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੋਮਵਾਰ ਸਵੇਰ ਤੱਕ ਵੱਧ ਕੇ 20 ਲੱਖ 77 ਹਜ਼ਾਰ ਹੋ ਗਈ ਹੈ । ਇਸ ਦੇ ਨਾਲ ਹੀ 1 ਲੱਖ 12 ਹਜ਼ਾਰ 469 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ 7 ਲੱਖ 61 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ । ਕੋਰੋਨਾ ਤੋਂ ਸੰਕਰਮਿਤ ਕੁਲ 6 ਪ੍ਰਤੀਸ਼ਤ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 33 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ ।
ਦਰਅਸਲ, ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਸਭ ਤੋਂ ਵੱਧ 398,828 ਮਾਮਲੇ ਸਾਹਮਣੇ ਆਏ ਹਨ । ਇਕੱਲੇ ਨਿਊਯਾਰਕ ਵਿੱਚ ਹੀ 30,442 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਬਾਅਦ ਨਿਊਜਰਸੀ ਵਿੱਚ 166,006 ਕੋਰੋਨਾ ਮਰੀਜ਼ਾਂ ਵਿੱਚੋਂ 12,216 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ, ਫਲੋਰਿਡਾ ਵੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ।
ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕੋਰੋਨਾ ਤੋਂ ਪੀੜਤ ਹੈ ਤੇ ਉੱਥੇ ਹੀ ਦੂਜੇ ਪਾਸੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ । ਅਮਰੀਕਾ ਦੀ ਰਾਜਧਾਨੀ ਵਿੱਚ ਨਸਲੀ ਬੇਇਨਸਾਫੀ ਅਤੇ ਪੁਲਿਸ ਦੀ ਬੇਰਹਿਮੀ ਖਿਲਾਫ਼ ਕੀਤੇ ਗਏ ਵਿਰੋਧ ਨੂੰ ਸਭ ਤੋਂ ਵੱਡਾ ਵਿਰੋਧ ਮੰਨਿਆ ਜਾ ਰਿਹਾ ਹੈ । ਇਹ ਪ੍ਰਦਰਸ਼ਨ ਮਿਨੀਏਪੋਲਿਸ ਵਿੱਚ 25 ਮਈ ਨੂੰ ਜਾਰਜ ਫਲਾਈਡ ਦੀ ਬੇਰਹਿਮੀ ਨਾਲ ਕਤਲ ਦੇ ਵਿਰੋਧ ਵਿੱਚ ਹੋ ਰਹੇ ਹਨ।