Quarantined three judges and : ਜਲੰਧਰ ਵਿਚ ਜੂਆ ਖੇਡਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਮਗਰੋਂ ਉਸਦਾ ਮੈਡੀਕਲ ਕਰਵਾਇਆ ਤਾਂ ਉਸ ਵਿਅਕਤੀ ਦੀ ਰਿਪੋਰਟ ਪਾਜ਼ਿਟਿਵ ਆਈ, ਜਿਸ ਕਾਰਨ ਪੁਲਿਸ ਸਮੇਤ ਤਿੰਨ ਅਦਾਲਤ ਦੇ ਜੱਜਾਂ ਅਤੇ ਉਨ੍ਹਾਂ ਦੇ 6 ਸਟਾਫ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਤਿੰਨੋਂ ਜੱਜ ਜੁਡੀਸ਼ੀਅਲ ਮੈਜਿਸਟਰੇਟ ਹਨ। ਉਸ ਤੋਂ ਇਲਾਵਾ, ਉਹਨਾਂ ਦੇ ਸਟਾਫ ਵਿੱਚੋ ਇਕ ਵਕੀਲ, ਇਕ ਜੱਜਮੈਂਟ ਲੇਖਕ, ਇਕ ਸਟੈਨੋਗ੍ਰਾਫਰ, ਇਕ ਆਹਲਮਦ, ਇਕ ਨਾਇਬ ਅਦਾਲਤ ਅਤੇ ਇਕ ਸੇਵਾਦਾਰ ਨੂੰ ਵੀ ਕੁਆਰੰਟੀਨ ਕਰ ਦਿੱਤਾ ਗਿਆ ਹੈ । ਇਨ੍ਹਾਂ ਸਾਰਿਆਂ ਨੂੰ ਜ਼ਿਲਾ ਸੈਸ਼ਨ ਜੱਜ ਦੇ ਹੁਕਮਾਂ ਤੋਂ ਬਾਅਦ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਪੁਲਿਸ ਨੇ ਵੇਰਕਾ ਮਿਲਕ ਪਲਾਂਟ ਦੇ ਕੋਲ ਪੈਂਦੀ ਇਕ ਕੋਠੀ ‘ਚ ਛਾਪੇਮਾਰੀ ਕਰ ਕੇ ਉੱਥੋਂ ਹਾਈਪ੍ਰੋਫਾਈਲ ਜੂਏ ਦਾ ਅੱਡਾ ਦਾ ਪਰਦਾਫਾਸ਼ ਕੀਤਾ ਸੀ। ਪੁਲਿਸ ਵੱਲੋਂ ਮੌਕੇ ਤੋਂ 11 ਜੁਆਰੀਆਂ ਨੂੰ ਕਾਬੂ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਇਕ ਪ੍ਰਵੀਣ ਮਹਾਜਨ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਆਈ ਹੈ, ਜਿਸ ’ਤੇ ਤਿੰਨਾਂ ਜੱਜਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਵੀਣ ਮਹਾਜਨ ਤੇ ਹੋਰ ਦੋਸ਼ੀਆਂ ਨੂੰ ਇਕ ਮਹਿਲਾ ਅਤੇ ਇਕ ਪੁਰਸ਼ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਕਾਰਨ ਇਨ੍ਹਾਂ ਦੋਹਾਂ ਜੱਜਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਨਾਲ ਹੀ ਤੀਸਰੇ ਜੱਜ ਨੂੰ ਇਸ ਲਈ ਕੁਆਰੰਟਾਈਨ ਕੀਤਾ ਗਿਆ ਕਿਉਂਕਿ ਉਹ ਉਕਤ ਮਹਿਲਾ ਜੱਜ ਦੇ ਪਤੀ ਹਨ। ਫਿਲਹਾਲ ਜਿਊਡੀਸ਼ੀਅਲ ਕੰਪਲੈਕਸ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਜਿਹੀ ਪੈਲ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਸੀ।