Four Positive Corona cases : ਪਟਿਆਲਾ ਜ਼ਿਲੇ ਵਿਚ ਬੀਤੇ ਦਿਨ ਕੋਰੋਨਾ ਦੇ ਮੁੜ 4 ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਡਾ. ਹਰੀਸ਼ ਮਲਹੋਤਰਾ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪੁਰਾਣਾ ਬਿਸ਼ਨ ਨਗਰ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚ ਇਕ 16 ਸਾਲ ਦਾ ਲੜਕਾ ਅਤੇ 37 ਸਾਲ ਦਾ ਵਿਅਕਤੀ ਸ਼ਾਮਲ ਹੈ, ਜੋਕਿ ਪਿਛਲੇ ਦਿਨੀਂ ਸਹਾਰਨਪੁਰ ਤੋਂ ਵਾਪਿਸ ਆਏ ਸਨ। ਇਸ ਤੋਂ ਇਲਾਵਾ ਪਾਠਕ ਵਿਹਾਰ ਦੇ ਰਹਿਣ ਵਾਲੇ 42 ਸਾਲਾ ਇਕ ਵਿਅਕਤੀ ਅਤੇ ਉਸ ਦੀ 6 ਸਾਲ ਦੀ ਧੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਇਹ 6 ਮੈਂਬਰਾਂ ਦਾ ਪੂਰਾ ਪਰਿਵਾਰ ਬੀਤੇ ਦਿਨੀਂ ਯੂਪੀ ਤੋਂ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੇ ਨਾਲ ਪਟਿਆਲਾ ਵਿਚ ਹੁਣ ਕੁਲ ਪੀੜਤਾਂ ਦੀ ਗਿਣਤੀ 147 ਹੋ ਗਈ ਹੈ, ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ, ਜਦਕਿ 116 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ 28 ਐਕਟਿਵ ਕੇਸ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ‘ਚ ਬੀਤੇ ਦਿਨ ਕੋਰੋਨਾਵਾਇਰਸ ਦੇ 56 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2719 ਹੋ ਗਈ ਹੈ। ਉਥੇ ਹੀ ਸੂਬੇ ‘ਚ ਅੰਮ੍ਰਿਤਸਰ ਤੋਂ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ 20 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਦਰਜ ਕੀਤੇ ਗਏ ਹਨ। ਉਥੇ ਹੀ ਲੁਧਿਆਣਾ ‘ਚ 15, ਮੁਹਾਲੀ, ਜਲੰਧਰ ਤੇ ਸੰਗਰੂਰ ਤੋਂ 5-5 ਜਦਕਿ ਪਠਾਨਕੋਟ ਤੋਂ 3 ਅਤੇ ਪਟਿਆਲਾ, ਤਰਨਤਾਰਨ ਤੇ ਰੋਪੜ ਤੋਂ 1-1 ਮਰੀਜ਼ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ। ਸੂਬੇ ਵਿੱਚ ਹੁਣ ਤੱਕ 2167 ਵਿਅਕਤੀ ਠੀਕ ਹੋ ਚੁੱਕੇ ਹਨ।