Two Patients of Corona Positive : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਮੋਹਾਲੀ ਤੇ ਜਲੰਧਰ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਜ਼ੀਰਕਪੁਰ ਵਿਚ ਇਕ 68 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਹ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 144 ਹੋ ਗਈ ਹੈ ਅਤੇ ਹੁਣ ਤੱਕ 3 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਜਲੰਧਰ ਵਿਚ ਇੰਡਸਟ੍ਰੀਅਲ ਏਰੀਆ ਵਿਚ ਰਹਿਣ ਵਾਲੇ ਇਕ 31 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਮਰੀਜ਼ ਨੂੰ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜਲੰਧਰ ਵਿਚ 12 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ ਪੰਜ ਮਰੀਜ਼ ਹਰਬੰਸ ਨਗਰ ਤੋਂ ਸਨ, ਜੋਕਿ ਦਿੱਲੀ ਤੋਂ ਹੋ ਕੇ ਆਏ ਸਨ। ਦਿੱਲੀ ਤੋਂ ਹੀ ਫਿਲੌਰ ਦੇ ਪਿੰਡ ਮੋਈ ਵਿਚ ਕੰਮ ਦੀ ਭਾਲ ਵਿਚ ਆਪਣੇ ਰਿਸ਼ਤੇਦਾਰ ਘਰ ਆਏ ਇਕ 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
ਮਾਡਲ ਹਾਊਸ ਵਿਚ ਕੋਰੋਨਾ ਨਾਲ ਮਰਨ ਵਾਲੇ ਜੋਤਿਸ਼ੀ ਦੀ 57 ਸਾਲਾ ਭੈਣ ਜੋਕਿ ਰੋਪੜ ਦੀ ਰਹਿਣ ਵਾਲੀ ਸੀ, ਦੀ ਜਲੰਧਰ ਵਿਚ ਹੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਸ ਤੋਂ ਇਲਾਵਾ ਅਵਤਾਰ ਨਗਰ ਦੇ ਇਕ 34 ਸਾਲਾ ਵਿਅਕਤੀ, ਬੂਟਾ ਮੰਡੀ ਦੇ 40 ਸਾਲਾ ਵਿਅਕਤੀ, ਦੁਬਈ ਤੋਂ ਆਈ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀ 27 ਸਾਲਾ ਔਰਤ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ। ਦੱਸ ਦੇਈਏ ਕਿ ਅੱਜ ਜਲੰਧਰ ਦੀ ਇਕ ਔਰਤ ਦੀ ਡੀਐਮਸੀ ਹਸਪਤਾਲ ਵਿਚ ਕੋਰੋਨਾ ਕਰਕੇ ਮੌਤ ਹੋ ਗਈ ਸੀ।