In Amritsar Corona rage : ਅੰਮ੍ਰਿਤਸਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਤੜਥੱਲੀ ਮਚ ਗਈ ਹੈ, ਜਿਥੇ ਅੱਜ ਸ਼ੁੱਕਰਵਾਰ ਨੂੰ ਨੂੰ 34 ਹੋਰ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਸਵਾ ਸਾਲ ਦੇ ਬੱਚੇ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਲਗਾਤਾਰ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਨਾਲ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਹੁਣ ਜ਼ਿਲੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 578 ਹੋ ਗਈ ਹੈ ਅਤੇ 15 ਮਰੀਜ਼ ਇਸ ਮਹਾਮਾਰੀ ਨਾਲ ਜ਼ਿਲੇ ਵਿਚ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਹਾਲਾਂਕਿ 390 ਲੋਕ ਇਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਲਗਾਤਾਰ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲਿਆਂ ਨਾਲ ਅਜੇ ਵੀ 173 ਐਕਟਿਵ ਕੇਸ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਥੇ ਸਭ ਤੋਂ ਵੱਧ ਮਾਮਲੇ ਹੁਣ ਤੱਕ ਅੰਮ੍ਰਿਤਸਰ ’ਚ ਹੀ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਵਿਚ ਕੋਰੋਨਾ ਦੇ 325, ਲੁਧਿਆਣਾ ’ਚ 313, ਤਰਨਤਾਰਨ ’ਚ 173, ਮੋਹਾਲੀ ’ਚ 136, ਹੁਸ਼ਿਆਰਪੁਰ ’ਚ 136, ਪਟਿਆਲਾ ’ਚ 152, ਸੰਗਰੂਰ ’ਚ 134, ਨਵਾਂਸ਼ਹਿਰ ’ਚ 124, ਗੁਰਦਾਸਪੁਰ ’ਚ 167, ਮੁਕਤਸਰ ’ਚ 72, ਮੋਗਾ ’ਚ 67, ਫਰੀਦਕੋਟ ’ਚ 86, ਫਿਰੋਜ਼ਪੁਰ ’ਚ 46, ਫਾਜ਼ਿਲਕਾ ’ਚ 48, ਬਠਿੰਡਾ ’ਚ 55, ਪਠਾਨਕੋਟ ’ਚ 113, ਬਰਨਾਲਾ ’ਚ 28, ਮਾਨਸਾ ’ਚ 34, ਫਤਿਹਗੜ੍ਹ ਸਾਹਿਬ ’ਚ 73, ਕਪੂਰਥਲਾ ’ਚ 41 ਤੇ ਰੋਪੜ ’ਚ 71 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 63 ਹੋ ਚੁੱਕੀ ਹੈ।