In Firozpur new corona : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰੋਜ਼ਪੁਰ ਜ਼ਿਲੇ ਵਿਚ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਸਬਾ ਮੱਲਾਵਾਲ ਵਿਚ ਇਕ 33 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦਿੱਤੇ ਗਏ ਰੈਂਡਮ ਸੈਂਪਲਿੰਗ ਦੇ ਹੁਕਮਾਂ ਅਧੀਨ ਇਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚ ਇਸ ਨੌਜਵਾਨ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਵਿਚ ਕੋਰੋਨਾ ਦੇ ਤਿੰਨ ਐਕਟਿਵ ਮਾਮਲੇ ਮਿਲੇ ਸਨ, ਜਿਨ੍ਹਾਂ ਵਿਚੋਂ ਇਕ ਮਰੀਜ਼ ਦਾ ਇਲਾਜ ਲੁਧਿਆਣਾ ਦੇ ਹਸਪਤਾਲ ਵਿਚ ਚੱਲ ਰਿਹਾ ਸੀ, ਇਸ ਤੋਂ ਇਲਾਵਾ ਇਕ ਰੇਲਵੇ ਵਿਭਾਗ ਦਾ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਤੀਸਰੇ ਮਾਮਲੇ ਵਿਚ ਇਕ ਗਰਭਵਤੀ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਹੁਣ ਇਹ ਚੌਥਾ ਮਾਮਲਾ ਆਉਣ ਨਾਲ ਕੁਲ ਚਾਰ ਸਰਗਰਮ ਕੇਸ ਹੋ ਗਏ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਹੁਣ ਇਸ ਕੋਰੋਨਾ ਪਾਜ਼ੀਟਿਵ ਪਾਏ ਗਏ ਨੌਜਵਾਨ ਦੇ ਸੰਪਰਕ ਵਾਲੇ ਲੋਕਾਂ ਦੀ ਦੀ ਸੂਚੀ ਬਣਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਵਿਚ ਰਾਹਤ ਦਿੱਤੀ ਗਈ ਹੈ ਉਦੋਂ ਤੋਂ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਸਰਕਾਰ ਨੇ ਹੁਣ ਮੁੜ ਸਖਤੀ ਕਰਦਿਆਂ ਵੀਕੈਂਡ ਤੇ ਪਬਲਿਕ ਛੁੱਟੀਆਂ ਵਾਲੇ ਦਿਨ ਸਖਤੀ ਨਾਲ ਲੌਕਡਾਊਨ ਦੀ ਪਾਲਣਾ ਦੇ ਹੁਕਮ ਦਿੱਤੇ ਹਨ ਇਸ ਦੇ ਨਾਲ ਹੀ ਪੰਜਾਬ ਵਿਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।