Death of Jalandhar woman due to Corona : ਜਲੰਧਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਅੱਜ ਸਵੇਰੇ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਰੋਜ਼ ਗਾਰਡਨ ਦੀ ਰਹਿਣ ਵਾਲੀ ਇਕ ਕੋਰੋਨਾ ਪਾਜ਼ੀਟਿਵ ਆਈ ਔਰਤ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ ਇਲਾਜ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ, ਸ਼ਾਹਕੋਟ ਵਿਚ ਚੱਲ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਮੌਤ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 13 ਹੋ ਗਈ ਹੈ।
ਦੱਸਣਯੋਗ ਹੈ ਕਿ ਜਲੰਧਰ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨ ਵੀ ਜ਼ਿਲੇ ਵਿਚ 14 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ ਦਸ ਲੋਕਾਂ ਦੀ ਕੋਈ ਕੇਸ ਹਿਸਟਰੀ ਦਾ ਕੁਝ ਪਤਾ ਨਹੀਂ ਲੱਗਾ। ਹੁਣ ਤਾਂ ਜ਼ਿਲੇ ਵਿਚ ਫਰੰਟ ਲਾਈਨ ’ਤੇ ਡਿਊਟੀਆਂ ’ਤੇ ਤਾਇਨਾਤ ਡਾਕਟਰ ਤੇ ਹੈਲਥ ਵਰਕਰਾਂ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਕੋਰੋਨਾ ਦੀ ਲਪੇਟ ਵਿਚ ਆਉਣ ਲੱਗੇ ਹਨ। ਬੀਤੇ ਦਿਨ ਮਿਲੇ 14 ਮਾਮਲਿਆਂ ਵਿਚੋਂ ਪੰਜ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 354 ਹੋ ਗਈ ਹੈ, ਜਦਕਿ 13 ਲੋਕ ਇਸ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਮਿਲੇ ਕੋਰੋਨਾ ਦੇ 14 ਮਾਮਲਿਆਂ ਵਿਚ 12 ਜਲੰਧਰ ਜ਼ਿਲੇ ਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 462 ਲੋਕਾਂ ਦੇ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ 14815 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ 13582 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਤੇ ਦਿਨ ਵੀ ਹਸਪਤਾਲ ਤੋਂ 19 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ ਹਸਪਤਾਲੋਂ ਠੀਕ ਹੋ ਕੇ ਘਰ ਪਰਤੇ ਲੋਕਾਂ ਦੀ ਗਿਣਤੀ 301 ਹੋ ਗਈ ਹੈ, ਜਦਕਿ ਜ਼ਿਲੇ ਵਿਚ ਕੁਲ ਐਕਟਿਵ ਮਾਮਲੇ 40 ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।