Punjab SC Commission member : ਸੰਗਰੂਰ : ਸੰਗਰੂਰ ਦੇ ਬਹੁ-ਚਰਚਿਤ ਸੰਜੀਵ ਕੁਮਾਰ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਐਸ.ਸੀ.ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੂੰ ਅੱਜ ਜ਼ਿਲਾ ਪੁਲਿਸ ਵੱਲੋਂ ਉਸ ਦੇ ਪਤੀ ਦਰਸ਼ਨ ਕਾਂਗੜਾ ਤੇ ਇਕ ਬੇਟੇ ਵਿਕਾਸਦੀਪ ਕਾਂਗੜਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਕੇਸ ਵਿਚ ਅਜੇ ਦੋ ਹੋਰ ਦੋਸ਼ੀ ਪੁਲਿਸ ਹਿਰਾਸਤ ਵਚ ਨਹੀਂ ਆਏ ਹਨ। ਦੱਸਣਯੋਗ ਹੈ ਕਿ ਇਹ ਦੋਵੇਂ ਦੋਸ਼ੀ ਵੀ ਕਾਂਗੜਾ ਪਰਿਵਾਰ ਦੇ ਦੋ ਹੋਰ ਬੇਟੇ ਹੀ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਸਥਾਨਕ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਉਕਤ ਤਿੰਨਾਂ ਮੁਲਜ਼ਮਾਂ ਨੂੰ ਸੰਗਰੂਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਦੇ ਮਾਣਯੋਗ ਜੱਜ ਅਜੀਤਪਾਲ ਵੱਲੋਂ ਇਨ੍ਹਾਂ ਸਾਰਿਆਂ ਨੂੰ ਤਿੰਨ ਰੋਜ਼ਾ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 1 ਦੇ ਮੁਖੀ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੇਸ ‘ਚ ਲੋੜੀਂਦੇ ਉਕਤ ਤਿੰਨਾਂ ਨੂੰ ਪੁਲਿਸ ਨੇ ਲੱਡਾ ਕੋਠੀ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੋ ਹੋਰਨਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।
ਜ਼ਿਕਰਯੋਗ ਹੈ ਕੁੱਝ ਦਿਨ ਪਹਿਲਾਂ ਸਥਾਨਕ ਨਿਵਾਸੀ ਸੰਜੀਵ ਕੁਮਾਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਕੇ ਆਪਣੀ ਜਵੀਨ ਲੀਲਾ ਸਮਾਪਤ ਕਰ ਲਈ ਸੀ ਜਿਸ ਸੰਬੰਧੀ ਮ੍ਰਿਤਕ ਦੀ ਪਤਨੀ ਨੇ ਕਾਂਗੜਾ ਪਰਿਵਾਰ ਦੇ ਮੈਂਬਰਾਂ ਨੂੰ ਦੋਸ਼ੀ ਠਹਿਰਾਇਆ ਸੀ। ਉਸ ਦੇ ਬਿਆਨਾਂ ਦੇ ਅਧਾਰ ’ਤੇ ਪੁਲਿਸ ਨੇ ਪੂਨਮ ਕਾਂਗੜਾ, ਪਤੀ ਦਰਸ਼ਨ ਕਾਂਗੜਾ ਅਤੇ ਤਿੰਨਾਂ ਬੇਟਿਆਂ ਵਿਰੁਧ ਭਾਰਤੀ ਦੰਡ ਵਿਧਾਨ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਪਰ ਉਸੇ ਦਿਨ ਤੋਂ ਉਕਤ ਸਾਰਾ ਪਰਿਵਾਰ ਫ਼ਰਾਰ ਸੀ। ਪੂਨਮ ਕਾਂਗੜਾ ਤੇ ਉਸ ਦੇ ਪਰਿਵਾਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪ੍ਰਵਾਰ ਨੂੰ ਧਰਨੇ ਅਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਸਨ।