62 years woman died due to Corona : ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਜ਼ਿਲੇ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਜਕੜ ਲਿਆ ਹੈ। ਕਲ ਕੋਰੋਨਾ ਵਾਇਰਸ ਨਾਲ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਅੱਜ ਫਿਰ ਜ਼ਿਲੇ ਵਿਚ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲਾਹੌਰੀ ਗੇਟ ਦੀ ਰਹਿਣ ਵਾਲੀ 62 ਸਾਲਾ ਔਰਤ ਕ੍ਰਿਸ਼ਨਾ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਪਿਛਲੇ ਕੁਝ ਦਿਨਾਂ ਤੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਕ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਵੀ ਪੀੜਤ ਸੀ। ਦੱਸ ਦੇਈਏ ਕਿ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਡਿਊਟੀ ਨਿਭਾ ਰਹੇ ਹੋਮ ਗਾਰਡ ਜਵਾਨ ਦੀ ਵੀ ਕਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਮੌਤ ਹੋ ਗਈ ਹੈ। ਜਵਾਨ ਦਾ ਨਾਮ ਨਿਰਮਲ ਸਿੰਘ ਹੈ, ਜੋ ਲੌਕਡਾਊਨ ਦੌਰਾਨ ਪੁਲਿਸ ਗੇਟ ਹਕੀਮਾਂ ਦੀ ਪੁਲਿਸ ਨਾਲ ਡਿਊਟੀ ਨਿਭਾ ਰਿਹਾ ਸੀ। ਡਿਊਟੀ ਦੌਰਾਨ ਹੀ ਨਿਰਮਲ ਸਿੰਘ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਦੇ ਇਲਾਜ ਦੌਰਾਨ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ ਸੀ।
ਇਥੇ ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 2003 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਹੁਣ ਤੱਕ ਕੋਰੋਨਾ ਨਾਲ ਦੇਸ਼ ਵਿਚ ਮਰਨ ਵਾਲਿਾਂ ਦੀ ਗਿਣਤੀ 11,903 ਤੱਕ ਪਹੁੰਚ ਚੁੱਕੀ ਹੈ, ਜਦਕਿ 3,54,065 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਸਮੇਂ ਵੀ ਦੇਸ਼ ਵਿਚ ਕੋਰੋਨਾ ਦੇ ਐਕਟਿਮ ਮਾਮਲੇ 1,55,227 ਦੇ ਲਗਭਗ ਹਨ।