In Jalandhar corona killed : ਜਲੰਧਰ ’ਚ ਕੋਰੋਨਾ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦਾ ਸਮਾਚਾਰ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਵਾਸੀ ਔਰਤ ਨੇ ਬੀਤੀ ਰਾਤ ਸਿਵਲ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਰੀਟਾ ਦੇਵੀ ਨਾਂ ਦੀ ਔਰਤ ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਦੀ ਰਹਿਣ ਵਾਲੀ ਸੀ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਐਸਐਮਓ ਪਬਲਿਕ ਸਿਹਤ ਕੇਂਦਰ ਕਾਲਾ ਬੱਕਰਾ ਡਾ. ਕਮਲਪਾਲ ਨੇ ਦੱਸਿਆ ਕਿ ਬਲਾਕ ਭੋਗਪੁਰ ਦੇ ਪਿੰਡ ਪਚਰੰਗਾ ਵਿਚ ਰਹਿਣ ਵਾਲੀ ਰੀਟਾ ਦੇਵੀ ਨੂੰ ਬੀਤੀ 12 ਜੂਨ ਨੂੰ ਇਲਾਕੇ ਦੇ ਏਐਨਐਮ ਵੱਲੋਂ ਪੀਲੀਏ ਤੋਂ ਪੀੜਤ ਸੀ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਕਾਲਾ ਬੱਕਰਾ ਹਸਪਤਾਲ ਵਿਚ ਲਿਜਾਇਆ ਗਿਆ, ਜਿਥੋਂ ਉਸ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਜਲੰਧਰ ਵਿਚ ਭੇਜ ਦਿੱਤਾ ਗਿਆ। ਇਥੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਅਤੇ ਬੀਤੇ ਮੰਗਲਵਾਰ ਉਸ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ। ਤੇ ਬੀਤੇ ਦਿਨ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ ਜ਼ਿਲੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨ ਵੀ ਜਲੰਧਰ ਵਿਚ ਕੋਰੋਨਾ ਦੇ 31 ਮਾਮਲੇ ਸਾਹਮਣੇ ਆਏ ਜਦਕਿ ਬੀਤੇ ਮੰਗਲਵਾਰ ਇਸ ਦੇ 32 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਕੋਰੋਨਾ ਦੇ ਵੱਡੀ ਗਿਣਤੀ ’ਚ ਸਾਹਮਣੇ ਆ ਰਹੇ ਮਾਮਲੇ ਜ਼ਿਲਾ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।