Nine Cases of Corona : ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਅੰਮ੍ਰਿਤਸਰ ਤੇ ਬਟਾਲਾ ਤੋਂ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਕੋਰੋਨਾ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਦ ਕੇ 665 ਹੋ ਗਈ ਹੈ, ਜਦਕਿ ਹੁਣ ਤੱਕ ਇਸ ਮਹਾਮਾਰੀ ਨਾਲ ਜ਼ਿਲੇ ਵਿਚ 25 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸ ਦੇਈਏ ਕਿ ਹੁਣ ਤੱਕ 157 ਲੋਕਾਂ ਨੇ ਜ਼ਿਲੇ ਵਿਚ ਕੋਰੋਨਾ ਨੂੰ ਮਾਤ ਦਿੱਤੀ ਹੈ।
ਉਧਰ ਬਟਾਲਾ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਖਾਨੋਵਾਲ ਬੋਹੜੀ ਵਿਚ ਇਕ ਕਮਿਨਊਨਿਟੀ ਹੈਲਥ ਸੈਂਟਰ ਕਲਾਨੌਰ ਦੀ ਮਹਿਲਾ ਰੇਡੀਓਗ੍ਰਾਫਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨਾਲ ਹਸਪਤਾਲ ਅਤੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਬੀਤੀ ਰਾਤ ਇਸ ਰੇਡੀਓਗ੍ਰਾਫਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਔਰਤ ਵਿਚ ਕੋਰੋਨਾ ਦੇ ਕੋਈ ਖਾਸ ਲੱਛਣ ਨਹੀਂ ਸਨ ਬਸ ਉਸ ਨੂੰ ਹਲਕਾ ਬੁਖਾਰ ਤੇ ਖੰਘ ਸੀ, ਜਿਸ ਦਾ ਸ਼ੱਕ ਦੇ ਆਧਾਰ ’ਤੇ 15 ਜੂਨ ਨੂੰ ਕੋਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਸੀ, ਜਿਸ ਦੀ ਬੀਤੀ ਰਾਤ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਹੁਣ ਉਕਤ ਰੇਡੀਓਗ੍ਰਾਫਰ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸੰਪਰਕ ਵਿਚ ਆਏ ਲੋਕਾਂ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਹੈਲਥ ਮੁਲਾਜ਼ਮਾਂ ਦੇ ਕੋਰੋਨਾ ਸੈਂਪਲ ਵੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਸ ਦਿਨ ਉਕਤ ਔਰਤ ਦੇ ਸੈਂਪਲ ਲਏ ਗਏ ਸਨ, ਉਸ ਦਿਨ ਤੋਂ ਉਹ ਹਸਪਤਾਲ ਨਹੀਂ ਆ ਰਹੀ ਸੀ।