Gurdaspur administration to build gate : ਗੁਰਦਾਸਪੁਰ : ਲੱਦਾਖ ’ਚ ਗਲਵਾਨ ਘਾਟੀ ਵਿਖੇ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅੱਜ ਸਵੇਰੇ ਗੁਰਦਾਸਪੁਰ ਦੇ ਡੀਸੀ ਮੁਹੰਮਦ ਇਸ਼ਫਾਕ ਉਸ ਦੇ ਘਰ ਪਹੁੰਚੇ, ਜਿਥੇ ਉਨ੍ਹਾਂ ਨੇ ਪਰਿਵਾਰ ਨੂੰ ਦੁੱਖ ਤੇ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਸ ਦੇ ਨਾਂ ’ਤੇ ਇਕ ਗੇਟ ਬਣਵਾਇਆ ਜਾਵੇਗਾ ਅਤੇ ਨਾਲ ਹੀ ਪਰਿਵਾਰ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਥਾਣਾ ਘੁੰਮਣ ਕਲਾਂ ਦੇ ਪਿੰਡ ਭੋਜਰਾਜ ਦੇ ਰਹਿਣ ਵਾਲੇ 42 ਸਾਲਾ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਲੱਦਾਖ ਸਰਹੱਦ ’ਤੇ ਰੱਖਿਆ ਕਰਦੇ ਬੀਤੀ ਸੋਮਵਾਰ ਰਾਤ ਨੂੰ ਸ਼ਹੀਦ ਹੋ ਗਏ ਸਨ। ਇਸ ਝੜਪ ਵਿਚ ਭਾਰਤ ਦੇ ਕੁਲ 20 ਫੌਜੀ ਸ਼ਹੀਦ ਹੋਏ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਦੇ ਸਨ। ਸ਼ਹੀਦ ਸਤਨਾਮ ਸਿੰਘ ਦੀ ਸ਼ਹਾਦਤ ਦੀ ਖਬਰ ਤੋਂ ਬਾਅਦ ਲੋਕਾਂ ਵਿਚ ਗੁੱਸੇ ਦੀ ਲਹਿਰ ਹੈ। ਉਥੇ ਹੀ ਸਤਨਾਮ ਸਿੰਘ ਦੀ ਸ਼ਹਾਦਤ ਦੀ ਖਬਰ ਅਜੇ ਤੱਕ ਸ਼ਹੀਦ ਦੀ ਪਤਨੀ, ਮਾਤਾ-ਪਿਤਾ ਅਤੇ ਬੱਚਿਆਂ ਨੂੰ ਨਹੀਂ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਸਿਰਫ ਇੰਨਾ ਹੀ ਦੱਸਿਆ ਗਿਆ ਹੈ ਕਿ ਸਤਨਾਮ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ 3 ਮੀਡੀਅਮ ਰੈਜੀਮੈਂਟ ਲੱਦਾਖ ਵਿਚ ਤਾਇਨਾਤ ਸਨ. ਸਤਨਾਮ ਸਿੰਘ ਦਾ ਜਨਮ 18 ਜਨਵਰੀ 1979 ’ਚ ਹੋਇਆ ਸੀ ਅਤੇ ਉਨ੍ਹਾਂ ਨੇ 23 ਅਗਸਤ 1995 ਨੂੰ ਆਰਮੀ ਜੁਆਇਨ ਕੀਤੀ ਸੀ। ਪਤਨੀ ਜਸਵਿੰਦਰ ਕੌਰ ਅਤੇ ਦੋਵੇਂ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਦੇ ਸ਼ਹੀਦ ਹੋਣ ਬਾਰੇ ਨਹੀਂ ਦੱਸਿਆ ਗਿਆ ਹੈ। ਸ਼ਹੀਦ ਦੀ ਇਕ 17 ਸਾਲਾ ਧੀ ਸੰਦੀਪ ਕੌਰ ਅਤੇ 16 ਸਾਲਾ ਪੁੱਤਰ ਹੈ ਅਤੇ ਭਰਾ ਸੁਖਚੈਨ ਸਿੰਘ ਵੀ ਫੌਜ ਵਿਚ ਸੂਬੇਦਾਰ ਹੈ, ਜੋਕਿ ਹੈਦਰਾਬਾਦ ਤੋਂ ਛੁੱਟੀ ਲੈ ਕੇ ਘਰ ਆਏ ਹੋਏ ਹਨ। ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਅਜੇ ਤੱਕ ਅਧਿਕਾਰਕ ਤੌਰ ’ਤੇ ਉਨ੍ਹਾਂ ਨੂੰ ਸਤਨਾਮ ਸਿੰਘ ਦੀ ਸ਼ਹਾਦਤ ਸਬੰਧੀ ਨਹੀਂ ਦੱਸਿਆ ਗਿਆ ਹੈ। ਉਨ੍ਹਾਂ ਨੇ ਪਰਿਵਾਰ ’ਚ ਵੀ ਇਹੀ ਦੱਸਿਆ ਹੈ ਕਿ ਉਹ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਮ੍ਰਿਤਕ ਦੇਹ ਲੱਦਾਖ ਪਹੁੰਚ ਚੁੱਕੀ ਹੈ ਅਤੇ 24 ਘੰਟਿਆਂ ਦੇ ਅੰਦਰ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਸਰਕਾਰ ਨੂੰ ਸ਼ਹੀਦ ਦੇ ਬੱਚਿਆਂ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ।