former sri lanka sports minister says: ਸ਼੍ਰੀਲੰਕਾ ਦੇ ਸਾਬਕਾ ਖੇਡ ਮੰਤਰੀ ਮਹਿੰਦਨੰਦਾ ਅਲੂਥਗਾਮਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਸਾਲ 2011 ਵਿੱਚ ਖੇਡਿਆ ਮੈਚ ਫਿਕਸ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਧੋਨੀ ਦੀ ਅਗਵਾਈ ‘ਚ ਭਾਰਤ ਨੇ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਮੇਜ਼ਬਾਨ ਟੀਮ ਨੇ ਆਪਣੀ ਧਰਤੀ ‘ਤੇ ਵਿਸ਼ਵ ਕੱਪ ਜਿੱਤਿਆ ਸੀ। ਮਹਿੰਦਨੰਦਾ ਅਲੂਥਗਾਮਾ ਉਸ ਸਮੇਂ ਸ੍ਰੀਲੰਕਾ ਦੇ ਖੇਡ ਮੰਤਰੀ ਸਨ। ਸਾਬਕਾ ਖੇਡ ਮੰਤਰੀ ਨੇ ਕਿਹਾ ਕਿ ਦੇਸ਼ ਦੀ ਮਾਣ ਅਤੇ ਇੱਜ਼ਤ ਦੇ ਮੱਦੇਨਜ਼ਰ ਮੈਂ ਅੱਗੇ ਕੁੱਝ ਨਹੀਂ ਕਹਿਣਾ ਚਾਹੁੰਦਾ। ਹਾਲਾਂਕਿ, ਸਾਬਕਾ ਖੇਡ ਮੰਤਰੀ ਨੇ ਆਪਣੇ ਖੁਲਾਸਿਆਂ ਸੰਬੰਧੀ ਕੋਈ ਸਬੂਤ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਹ ਮੈਚ ਸੀ ਜੋ ਸ੍ਰੀਲੰਕਾ ਜਿੱਤ ਸਕਦਾ ਸੀ। ਮੈਂ ਇਸ ਮਾਮਲੇ ਵਿੱਚ ਖਿਡਾਰੀਆਂ ਨੂੰ ਸ਼ਾਮਿਲ ਨਹੀਂ ਕਰਾਂਗਾ, ਪਰ ਕੁੱਝ ਸਮੂਹ ਮੈਚ ਫਿਕਸ ਕਰਨ ਵਿੱਚ ਯਕੀਨਨ ਸ਼ਾਮਿਲ ਸਨ। ਸਾਬਕਾ ਖੇਡ ਮੰਤਰੀ ਨੇ ਦੇਸ਼ ਦੇ ਪ੍ਰਮੁੱਖ ਚੈਨਲ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਹੈ।
ਇਸ ਮੈਚ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਗੁਆ ਕੇ 274 ਦੌੜਾਂ ਬਣਾਈਆਂ ਸੀ। ਮਹੇਲਾ ਜੈਵਰਧਨੇ ਨੇ 88 ਗੇਂਦਾਂ ‘ਤੇ 103 ਦੌੜਾਂ ਬਣਾਈਆਂ ਸਨ, ਜਦਕਿ ਕੁਮਾਰ ਸੰਗਕਾਰਾ ਨੇ 30 ਅਤੇ ਕੁਲਸੇਕਾਰਾ ਨੇ 40 ਦੌੜਾਂ ਦਾ ਯੋਗਦਾਨ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਮਲਿੰਗਾ ਨੇ ਸਚਿਨ ਅਤੇ ਸਹਿਵਾਗ ਨੂੰ ਸਸਤੇ ਵਿੱਚ ਆਊਟ ਕਰ ਦਿੱਤਾ ਸੀ, ਪਰ ਗੌਤਮ ਗੰਭੀਰ ਅਤੇ ਫਿਰ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਨਾਲ ਭਾਰਤ ਖਿਤਾਬ ਜਿੱਤਣ ਵਿੱਚ ਕਾਮਯਾਬ ਰਿਹਾ ਸੀ।