Seventy Eight Corona Cases : ਜਲੰਧਰ ’ਚ ਅੱਜ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਜ਼ਿਲੇ ਵਿਚ ਕੋਰੋਨਾ ਦੇ 78 ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸਾਹਮਣੇ ਆਏ ਮਾਮਲਿਆਂ ਵਿਚ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਮਰੀਜ਼ਾਂ ਦਾ ਅੰਕੜਾ 500 ਤੋਂ ਵੀ ਪਾਰ ਪਹੁੰਚ ਗਿਆ ਹੈ। ਜ਼ਿਲੇ ਵਿਚ ਹੁਣ ਤੱਕ ਕੋਰੋਨ ਨਾਲ 15 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜਲੰਧਰ ’ਚ ਕੋਰੋਨਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਪਿੰਡ ਪਚਰੰਗਾ ਦੀ ਰਹਿਣ ਵਾਲੀ ਇਕ 30 ਸਾਲਾ ਔਰਤ ਅਤੇ ਗਲੋਬ ਕਾਲੋਨੀ ਦਾ ਇਕ 52 ਸਾਲਾ ਬਜ਼ੁਰਗ ਸ਼ਾਮਲ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ 9 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ 4 ਪੁਲਿਸ ਮੁਲਾਜ਼ਮ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਨੇ ਤੇਜ਼ੀ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਆਪਣੇ ਪੈਸ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਜਿਲ੍ਹੇ ਵਿਚ ਪਿਛਲੇ 11 ਦਿਨ ਵਿਚ 118 ਮਰੀਜ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਤੇ ਅੱਜ ਇਹ ਨਵੇਂ 78 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 13,586 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਕੁਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3,80,532 ਹੋ ਗਈ ਹੈ। ਬੀਤੇ ਦਿਨ ਦੇਸ਼ ਵਿਚ 336 ਲੋਕਾਂ ਦੀ ਕੋਰੋਨਾ ਨਾਲ ਜਾਨ ਗਈ ਹੈ, ਜਿਸ ਨਾਲ ਕੁਲ ਮ੍ਰਿਤਕਾਂ ਦੀ ਗਿਣਤੀ 12,573 ਹੋ ਗਈ ਹੈ। ਹੁਣ ਤੱਕ 2,04,711 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ, ਜਦਕਿ ਅਜੇ ਵੀ ਕੋਰੋਨਾ ਦੇ 1,63,248 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।