Six Corona Cases of Positive : ਸੂਬੇ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਰੀਦਕੋਟ ’ਚ ਕੋਰੋਨਾ ਦੇ 5 ਤੇ ਖਮਾਣੋਂ ’ਚ ਇਕ ਮਾਮਲਾ ਸਾਹਮਣੇ ਆਇਆ ਹੈ। ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਨੇ ਜ਼ਿਲੇ ’ਚੋਂ ਮਿਲੇ ਪੰਜ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਵਿਚੋਂ ਤਿੰਨ ਮਾਮਲੇ ਕੋਟਕਪੂਰਾ ਮੁਹੱਲਾ ਪ੍ਰੇਮ ਨਗਰ ਅਤੇ ਦੋ ਸੁਰਗਾਪੁਰੀ ਮੁਹੱਲੇ ਨਾਲ ਜੁੜੇ ਹਨ। ਉਕਤ ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਆਈਸੋਲੇਟ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲੇ ਵਿਚ ਇਸ ਦੇ ਨਾਲ ਹੀ ਕੋਰੋਨਾ ਪੀੜਤਾਂ ਦੀ ਗਿਣਤੀ 95 ਹੋ ਗਈ ਹੈ, ਜਦਕਿ 88 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਜ਼ਿਲੇ ਵਿਚ ਕੋਰੋਨਾ ਦੇ ਸੱਤ ਮਾਮਲੇ ਐਕਟਿਵ ਹਨ।
ਉਧਰ ਖਮਾਣੋਂ ਵਿਚ ਡੀਐਸਪੀ ਦਫਤਰ ਵਿਚ ਕੰਪਿਊਟਰ ਆਪ੍ਰੇਟਰ ਵਜੋਂ ਤਾਇਨਾਤ ਇਕ ਮਹਿਲਾ ਸਿਪਾਹੀ ਨੂੰ ਕੋਰੋਨਾ ਹੋਣ ਦੀ ਖਬਰ ਸਾਹਮਣੇ ਆਈ ਹੈ। ਉਕਤ ਮਹਿਲਾ ਸਿਪਾਹੀ ਨੂੰ ਗਿਆਨ ਸਾਗਰ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਖਮਾਣੋਂ ਸਿਵਲ ਹਸਪਤਾਲ ਦੇ ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਉਕਤ ਮਹਿਲਾ ਸਿਪਾਹੀ ਦੇ ਨਾਲ ਕੰਮ ਕਰਦੇ ਸਾਥੀਆਂ ਦੇ ਵੀ ਕੋਰੋਨਾ ਜਾਂਚ ਦੇ ਸੈਂਪਲ ਲੈ ਲਏ ਗਏ ਹਨ, ਜਿਨ੍ਹਾਂ ਵਿਚ ਰੀਡਰ ਡੀਐਸਪੀ ਖਮਾਣੋਂ, ਗੰਨਮੈਨ ਅਤੇ ਦਰਜਾ ਚਾਰ ਮੁਲਾਜ਼ਮ ਔਰਤ ਸ਼ਾਮਲ ਹੈ।
ਇਸ ਬਾਰੇ ਡੀਐਸਪੀ ਖਮਾਣੋਂ ਧਰਮਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਦਫਤਰ ਨੂੰ ਸੈਨੇਟਾਈਜ਼ ਵੀ ਕਰਵਾਇਆ ਗਿਆ ਹੈ। ਹੁਣ ਉਪਰੋਕਤ ਮਹਿਲਾ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸ ਦੇ ਸੰਪਰਕ ਵਿਚ ਆਏ ਪਿੰਡ ਜਟਾਣਾ ਉੱਚਾ ਦੇ ਲਗਭਗ 25 ਲੋਕਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ ਤੇ ਜਲਦ ਹੀ ਉਨ੍ਹਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ।