Six Corona Virus Patients : ਅੱਜ ਸਵੇਰੇ ਕਪੂਰਥਲਾ ਜ਼ਿਲੇ ਵਿਚੋਂ ਚਾਰ ਮਾਮਲੇ ਮਿਲਣ ਤੋਂ ਬਾਅਦ ਹੁਣ ਦੋ ਹੋਰ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਨਵੇਂ ਸਾਹਮਣੇ ਆਏ ਮਾਮਲਿਆਂ ਵਿਚ ਪ੍ਰੀਤ ਨਗਰ ਅਤੇ ਓਜਲਾ ਫਾਟਕ ਦੇ ਇਲਾਕਿਆਂ ਤੋਂ 39 ਸਾਲਾ ਅਤੇ 33 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਜ਼ਿਲੇ ਦੇ ਕਸਬਾ ਫਗਵਾੜਾ ਤੋਂ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਥੇ ਥਾਣਾ ਸਿਟੀ ਫਗਵਾੜਾ ਵਿਚ ਐਸਐਚਓ ਅਤੇ ਉਨ੍ਹਾਂ ਦੇ ਗਨਮੈਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਇਸ ਤੋਂ ਇਲਾਵਾ ਇੰਡਸਟ੍ਰੀਅਲ ਏਰੀਆ ਤੋਂ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਹੁਣ ਨਵੇਂ ਆਏ ਮਾਮਲਿਆਂ ਨੂੰ ਮਿਲਾ ਕੇ ਜ਼ਿਲੇ ਵਿਚੋਂ ਅੱਜ ਕੁਲ 6 ਮਾਮਲੇ ਸਾਹਮਣੇ ਆਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਐਮਓ ਕਪੂਰਥਲਾ ਡਾ. ਜਸਮੀਤ ਕੌਰ ਨੇ ਦੱਸਿਆ ਗਿਆ ਕਿ ਫਗਵਾੜਾ ਪੁਲਿਸ ਥਾਣੇ ਤੋਂ 2 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਥਾਣੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਕ ਮਾਮਲਾ ਜੱਦੀ ਪਿੰਡ ਭੁੱਲਾਰਾਈ ਤੋਂ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਦੇ ਸੰਪਰਕ ਵਿਚ ਆਏ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਇੰਡਸਟ੍ਰੀਅਲ ਏਰੀਆ ਤੋਂ ਮਿਲਿਆ ਵਿਅਕਤੀ ਫੈਕਟਰੀ ਚਲਾਉਂਦਾ ਹੈ, ਉਸ ਦੀ ਫੈਕਟਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਸ ਦੇ ਸਟਾਫ ਅਤੇ ਲੇਬਰ ਨੂੰ ਵੀ 14 ਦਿਨਾਂ ਲਈ ਕੁਆਰੰਟਾਈਨ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਇਕ ਐਨਜੀਓ ਨਾਲ ਵੀ ਕੰਮ ਕਰ ਰਿਹਾ ਸੀ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਬਣਾਈ ਜਾ ਰਹੀ ਹੈ।