Corona goes out of control in Jalandhar: ਜਲੰਧਰ ਵਿਚ ਅੱਜ ਫਿਰ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲੇ ਵਿਚ ਕੁਲ 45 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 534 ਹੋ ਗਈ ਹੈ, ਜਿਨ੍ਹਾਂ ਵਿਚੋਂ 15 ਲੋਕ ਇਸ ਮਹਾਮਾਰੀ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਅੱਜ ਸਾਹਮਣੇ ਆਏ ਪਾਜ਼ੀਟਿਵ ਕੇਸਾਂ ਵਿਚੋਂ ਕੁਝ ਮਾਮਲੇ ਦੂਸਰੇ ਜ਼ਿਲਿਆਂ ਦੇ ਵੀ ਹਨ। ਕੋਰੋਨਾ ਦੇ ਹੁਣ ਸਾਹਮਣੇ ਆ ਰਹੇ ਮਾਮਲੇ ਲਗਭਗ ਜ਼ਿਲੇ ਦੇ ਨਵੇਂ ਇਲਾਕਿਆਂ ਤੋਂ ਹੀ ਹਨ, ਜਿਸ ਨਾਲ ਕਮਿਊਨਿਟੀ ਸਪ੍ਰੈੱਡ ਦਾ ਖਤਰਾ ਵੀ ਵਧ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜਲੰਧਰ ਵਿਚ ਕੋਰੋਨਾ ਦੇ ਵੱਡੀ ਗਿਣਤੀ ’ਚ 78 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਸੱਤ ਗਰਭਵਤੀ ਔਰਤਾਂ ਤੇ ਛੇ ਪੁਲਿਸ ਮੁਲਾਜ਼ਮ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਦੇ ਚੱਲਦਿਆਂ ਡਿਪਟੀ ਘਨਸ਼ਿਆਮ ਥੋਰੀ ਨੇ ਐਸਡੀਐਮ-1, 2, ਸਹਾਇਕ ਕਮਿਸ਼ਨਰ (ਜ), ਕਾਰਜਕਾਰੀ ਅਫਸਰ ਜੇਡੀਏ ਜਲੰਧਰ ਤੇ ਸਿਵਲ ਸਰਜਨ ਨਾਲ ਮੀਟਿੰਗ ਕਰਕੇ ਯਕੀਨੀ ਬਣਾਇਆ ਕਿ ਜਲੰਧਰ ਵਿਚ ਹਰ ਹਾਲ ਵਿਚ 1500 ਬੈੱਡ ਤਿਆਰ ਰਖੇ ਜਾਣ। ਇਸ ਤੋਂ ਇਲਾਵਾ ਡੀ-ਐਡਿਕਸ਼ਨ ਸੈਂਟਰ ਵਿਚ 80 ਬੈੱਡ, ਟਰੌਮਾ ਵਾਰਡ ਵਿਚ 24 ਬੈੱਡ ਤੇ 10 ਵੈਂਟੀਲੇਟਰਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ।
ਡੀਸੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੈਰੀਟੋਰੀਅਸ ਸਕੂਲ ਸਥਿਤ ਕੁਆਰੰਟਾਈਨ ਸੈਂਟਰ ਦਾ ਵੀਰਵਾਰ ਨੂੰ ਨਿਰਿਖਣ ਕੀਤਾ ਅਤੇ ਉਥੇ ਬੈੱਡਾਂ ਦੀ ਗਿਣਤੀ 500 ਤੋਂ ਵਧਾ ਕੇ 1000 ਕਰਨ ਦੀਆਂ ਹਿਦਾਇਤਾਂ ਦਿੱਤੀਆਂ ਸਨ। ਦੱਸਣਯੋਗ ਹੈ ਕਿ ਬੀਤੇ ਦਿਨ ਇਕੱਠੇ 78 ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਅਤੇ ਅੱਜ ਫਿਰ ਕੋਰੋਨਾ ਦੇ 45 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।