Two Corona Patients found : ਸੂਬੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਗਿੱਦੜਬਾਹਾ ਦੇ ਸੁਭਾਸ਼ ਨਗਰ ਇਲਾਕੇ ਦਾ ਰਹਿਣ ਵਾਲਾ ਹੈ, ਜਦਕਿ ਮਲੋਟ ਨਿਵਾਸੀ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਵਿਅਕਤੀ ਯੂਪੀ ਤੋਂ ਪੰਜਾਬ ਵਾਪਿਸ ਪਰਤਿਆ ਸੀ।
ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਦੇ 82 ਮਾਮਲੇ ਹੋ ਗਏ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਵਿਚ 72 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਜ਼ਿਲੇ ਵਿਚ ਕੁਲ 9 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਦਕਿ ਇਕ ਮਰੀਜ਼ ਦੂਸਰੇ ਜ਼ਿਲੇ ਦੇ ਹਸਪਤਾਲ ਵਿਚ ਇਲਾਜ ਲਈ ਦਾਖਲ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ ਕੋਰੋਨਾ ਦੇ ਅੰਮ੍ਰਿਤਸਰ ਤੋਂ 752, ਜਲੰਧਰ ਤੋਂ 512, ਲੁਧਿਆਣਾ ਤੋਂ 501, ਤਰਨਤਾਰਨ ਤੋਂ 191, ਮੋਹਾਲੀ ਤੋਂ 208, ਹੁਸ਼ਿਆਰਪੁਰ ਤੋਂ 162, ਪਟਿਆਲਾ ਤੋਂ 208, ਸੰਗਰੂਰ ਤੋਂ 207, ਨਵਾਂਸ਼ਹਿਰ ਤੋਂ 123, ਗੁਰਦਾਸਪੁਰ ਤੋਂ 175, ਮੁਕਤਸਰ ਤੋਂ 82, ਮੋਗਾ ਤੋਂ 74, ਫਰੀਦਕੋਟ ਤੋਂ 95, ਫਿਰੋਜ਼ਪੁਰ ਤੋਂ 62, ਫਾਜ਼ਿਲਕਾ ਤੋਂ 55, ਬਠਿੰਡਾ ਤੋਂ 64, ਪਠਾਨਕੋਟ ਤੋਂ 184, ਬਰਨਾਲਾ ਤੋਂ 42, ਮਾਨਸਾ ਤੋਂ 38, ਫਤਿਹਗੜ੍ਹ ਸਾਹਿਬ ਤੋਂ 85, ਕਪੂਰਥਲਾ ਤੋਂ 58 ਤੇ ਰੋਪੜ ਤੋਂ 84 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਸੂਬੇ ’ਚ ਹੁਣ ਤੱਕ ਇਸ ਮਹਾਮਾਰੀ ਨਾਲ 101 ਲੋਕਾਂ ਦੀ ਜਾਨ ਜਾ ਚੁੱਕੀ ਹੈ।