Corona picks up speed in Jalandhar : ਜਲੰਧਰ ’ਚ ਕੋਰੋਨਾ ਵਾਇਰਸ ਲਗਾਤਾਰ ਬੇਕਾਬੂ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਇਸ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਮੰਗਲਵਾਰ ਫਿਰ ਜ਼ਿਲੇ 25 ਲੋਕਾਂ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਆਈ ਹੈ, ਉਥੇ ਇਕ ਔਰਤ ਦੀ ਮੌਤ ਤੋਂ ਬਾਅਦ ਕੋਰੋਨਾ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 591 ਹੋ ਗਈ ਹੈ। ਜ਼ਿਲੇ ਵਿਚ ਇੰਨੀ ਤੇਜ਼ੀ ਨਾਲ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਹੁਣ ਤੱਕ ਜ਼ਿਲੇ ਵਿਚ 320 ਲੋਕਾਂ ਨੂੰ ਠੀਕ ਹੋਣ ’ਤੇ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਜਾ ਚੁੱਕਾ ਹੈ ਪਰ ਅਜੇ ਵੀ ਜ਼ਿਲੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 229 ਹੈ।
ਦੱਸਣਯੋਗ ਹੈ ਕਿ ਅੱਜ ਜਲੰਧਰ ਵਿਚ ਗੁਰੂ ਰਾਮ ਦਾਸ ਐਨਕਲੇਵ ਦੀ ਰਹਿਣ ਵਾਲੀ ਇਕ 70 ਸਾਲਾ ਔਰਤ ਪ੍ਰੇਮ ਲਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਸ ਦੇ ਪਹਿਲਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਵੀ ਹੁਣ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 18 ਹੋ ਗਈ ਹੈ। ਬੀਤੀ ਦੇਰ ਰਾਤ ਵੀ ਇਕ 28 ਸਾਲਾ ਕੋਰੋਨਾ ਪਾਜ਼ੀਟਿਵ ਲੜਕੀ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਹ ਲੜਕੀ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ ਸੀ। ਉਸ ਦਾ ਇਲਾਜ ਜਲੰਧਰ ਦੇ ਪਟੇਲ ਹਸਪਤਾਲ ਵਿਖੇ ਚੱਲ ਰਿਹਾ ਸੀ ਪਰ ਤਬੀਅਤ ਖਰਾਬ ਹੋਣ ਕਾਰਨ ਕਲ ਦੇਰ ਰਾਤ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਪਿੰਡ ਫੂਲਪੁਰ ਦੀ ਰਹਿਣ ਵਾਲੀ 64 ਸਾਲਾ ਬਜ਼ੁਰਗ ਔਰਤ ਰਾਮ ਪਿਆਰੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਸੀ।
ਸੂਬੇ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਨਾਲ ਪੀੜਤਾਂ ਦੀ ਗਿਣਤੀ 4100 ਤੋਂ ਵਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ‘ਚ 816, ਜਲੰਧਰ ‘ਚ 591, ਲੁਧਿਆਣਾ ‘ਚ 561, ਤਰਨਤਾਰਨ ‘ਚ 191, ਮੋਹਾਲੀ ‘ਚ 217, ਹੁਸ਼ਿਆਰਪੁਰ ‘ਚ 164, ਪਟਿਆਲਾ ‘ਚ 209, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 181 ਕੇਸ, ਮੁਕਤਸਰ ‘ਚ 83, ਫਤਿਹਗੜ੍ਹ ਸਾਹਿਬ ‘ਚ 88, ਕਪੂਰਥਲਾ ‘ਚ 65, ਰੋਪੜ ‘ਚ 89, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਇਸ ਖਤਰਨਾਕ ਵਾਇਰਸ ਕਾਰਨ 102 ਲੋਕ ਆਪਣੀ ਜਾਨ ਗੁਆ ਚੁੱਕੇ ਹਨ।