New Positive Corona Case : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਚੜ੍ਹਦੀ ਸਵੇਰ ਤੋਂ ਵੱਖ-ਵੱਖ ਜ਼ਿਲਿਆਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲੇ ਵਿਚ ਫਿਰੋਜ਼ਪੁਰ ਜ਼ਿਲੇ ਤੋਂ ਇਕ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਥੇ ਤਲਵੰਡੀ ਭਾਈ ਵਿਚ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਨਵੇਂ ਮਾਮਲੇ ਦੀ ਪੁਸ਼ਟੀ ਕਰਦਿਆਂ ਸਿਹਤ ਵਿਭਾਗ ਫਿਰੋਜ਼ਸ਼ਾਹ ਦੀ ਐਸਐਮਓ ਡਾ. ਵਨੀਤਾ ਭੁੱਲਰ ਨੇ ਦੱਸਿਆ ਕਿ ਉਕਤ ਤਲਵੰਡੀ ਭਾਈ ਦੇ ਰਹਿਣ ਵਾਲੇ ਮਰੀਜ਼ ਵਿਜੇ ਕੁਮਾਰ ਦੇ 20 ਜੂਨ ਨੂੰ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਕਤ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ, ਜਿਸ ’ਤੇ ਉਨ੍ਹਾਂ ਲੋਕਾਂ ਦੇ ਵੀ ਕੋਰੋਨਾ ਲਈ ਸੈਂਪਲ ਲੈ ਕੇ ਟੈਸਟ ਵਾਸਤੇ ਭੇਜੇ ਜਾਣਗੇ।
ਦੱਸ ਦੇਈਏ ਕਿ ਹੁਣ ਫਿਰੋਜ਼ਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 19 ਹੋ ਗਈ ਹੈ, ਜਿਨ੍ਹਾਂ ਵਿਚੋਂ ਤਿੰਨ ਲੋਕ ਇਸ ਮਹਾਮਾਰੀ ਨਾਲ ਜ਼ਿਲੇ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਉਥੇ ਹੀ ਤਲਵੰਡੀ ਭਾਈ ਵਿਚ ਇਸ ਸਮੇਂ ਕੋਰੋਨਾ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਸਵੇਰ ਤੋਂ ਵੱਖ-ਵੱਖ ਜ਼ਿਲਿਆਂ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਸਭ ਤੋਂ ਵੱਧ 25 ਮਾਮਲੇ ਜਲੰਧਰ ਜ਼ਿਲੇ ਤੋਂ ਸਾਹਮਣੇ ਆਏ ਹਨ, ਉਥੇ ਹੀ ਫਰੀਦਕੋਟ ਤੋਂ ਇਕ, ਤਰਨਤਾਰਨ ਤੋਂ ਦੋ, ਬਠਿੰਡਾ ਤੋਂ 20 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਸੂਬੇ ਵਿਚ ਅੰਮ੍ਰਿਤਸਰ ਤੇ ਜਲੰਧਰ ਜ਼ਿਲੇ ਤੋਂ ਕੋਰੋਨਾ ਨਾਲ ਇਕ-ਇਕ ਮੌਤ ਹੋ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਕੋਰੋਨਾ ਦੇ ਇਸ ਤਰ੍ਹਾਂ ਵਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਸੂਬੇ ਵਿਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 4235 ਤੋਂ ਵੀ ਪਾਰ ਕਰ ਗਈ ਗਈ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ 100 ਦਾ ਅੰਕੜਾ ਪਾਰ ਗਈਆਂ ਹਨ।