Three Positive Corona Patients : ਕੋਰੋਨਾ ਮਹਾਮਾਰੀ ਦੇ ਕਹਿਰ ਦੇ ਚੱਲਦਿਆਂ ਪਟਿਆਲਾ ਪਾਤੜਾਂ ਸ਼ਹਿਰ ਦੀ ਭੀੜ-ਭੜਕੇ ਵਾਲੀ ਜੋਰਾ ਬਸਤੀ ਤੋਂ ਕਲਵਾਨੂੰ ਦੇ ਤਿੰਨ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਪਰਿਵਾਰ ਦਾ ਇਕ ਮੈਂਬਰ ਕੋਰੋਨਾ ਪਾਜ਼ੀਟਿਵ ਆਇਆ ਸੀ, ਜਿਸ ਤੋਂ ਬਾਅਦ ਇਸ ਦੇ ਸੰਪਰਕ ਵਾਲੇ 11 ਲੋਕਾਂ ਦੇ ਕੋਰੋਨਾ ਜਾਂਚ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਤਿੰਨ ਦੀ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਵਿਚ ਇਸ ਵਿਅਕਤੀ ਦੇ ਪਿਤਾ, ਭਰਾ ਤੇ ਭਤੀਜੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਐਸਐਮਓ ਪਾਤੜਾਂ ਰਾਜੇਸ਼ ਕੁਮਾਰ ਨੇ ਕਰਦਿਆਂ ਦੱਸਿਆਂ ਕਿ ਇਨ੍ਹਾਂ ਤਿੰਨ ਪਾਜ਼ੀਟਿਵ ਆਏ ਮਰੀਜ਼ਾਂ ਵਿਚੋਂ ਇਕ ਮਰੀਜ਼ ਦੀ ਹਾਲਤ ਥੋੜ੍ਹੀ ਜਿਹੀ ਖਰਾਬ ਹੋਣ ਕਰਕੇ ਉਸ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ, ਜਦਕਿ ਬਾਕੀ ਦੇ ਦੋ ਮੈਂਬਰਾਂ ਨੂੰ ਘਰ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ।
ਐਸਐਮਓ ਨੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਤੇ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਜਲਦ ਹੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਸੈਂਪਲ ਲਏ ਜਾਣਗੇ। ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਸਵੇਰ ਤੋਂ ਵੱਖ-ਵੱਖ ਜ਼ਿਲਿਆਂ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਸਭ ਤੋਂ ਵੱਧ 25 ਮਾਮਲੇ ਜਲੰਧਰ ਜ਼ਿਲੇ ਤੋਂ ਸਾਹਮਣੇ ਆਏ ਹਨ, ਉਥੇ ਹੀ ਫਰੀਦਕੋਟ ਤੋਂ ਇਕ, ਤਰਨਤਾਰਨ ਤੋਂ ਦੋ, ਮੋਗਾ ਤੋਂ 11, ਸਰਦੂਲਗੜ੍ਹ ਤੋਂ ਇਕ ਤੇ ਬਠਿੰਡਾ ਤੋਂ 20 ਮਾਮਲੇ ਸਾਹਮਣੇ ਆਏ ਹਨ।