From Nawanshahr new Corona : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਰੁਕਣ ਦੇ ਨਾਂ ਹੀ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲੇ ਵਿਚ ਨਵਾਂਸ਼ਹਿਰ ਤੋਂ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਹੁਣ ਨਵਾਂਸ਼ਹਿਰ ਵਿਚ ਕੁਲ ਐਕਟਿਵ ਕੇਸਾਂ ਦੀ ਗਿਣਤੀ 12 ਹੋ ਗਈ ਹੈ। ਇਸ ਨਵੇਂ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ 38 ਸਾਲਾ ਇਸ ਵਿਅਕਤੀ ਹਰਵਿੰਦਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਵਿਅਕਤੀ ਇਕ ਬੱਸ ਡਰਾਈਵਰ ਹੈ, ਜੋਕਿ 18 ਜੂਨ ਤੋਂ ਬਿਹਾਰ ਤੋਂ ਹੋ ਕੇ ਵਾਪਿਸ ਪੰਜਾਬ ਪਰਤਿਆ ਸੀ।
ਦੂਜੇ ਸੂਬੇ ਤੋਂ ਪਰਤਣ ਕਾਰਨ ਉਸ ਨੂੰ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਸੀ ਅਤੇ ਉਸ ਦੇ ਕੋਰੋਨਾ ਜਾਂਚ ਲਈ ਸੈਂਪਲ ਲੈ ਲਏ ਗਏ ਸਨ, ਜਿਸ ਦੀ ਰਿਪੋਰਟ ਵਿਚ ਉਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕੀਤਾ ਗਿਆ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਮੁਹਿੰਮ ’ਮਿਸ਼ਨ ਫਤਿਹ’ ਅਧੀਨ ਟੈਸਟਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਤੱਕ ਜ਼ਿਲੇ ਵਿਚ 8451 ਲੋਕਾਂ ਦੇ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7398 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 651 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਮੰਗਲਵਾਰ ਨੂੰ ਵੀ 309 ਸੈਂਪਲਾਂ ਦੀ ਰਿਪੋਰਟ ਆਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵੀ 256 ਸੈਂਪਲ ਗਏ ਸਨ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸ਼ਾਮ ਤੱਕ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ, ਉਥੇ ਹੀ ਕੋਰੋਨਾ ਪੀੜਤਾਂ ਦਾ ਅੰਕੜਾ 4400 ਤੋਂ ਪਾਰ ਹੋ ਗਿਆ ਹੈ। ਕੱਲ੍ਹ 165 ਹੋਰ ਨਵੇਂ ਪਾਜ਼ੇਟਿਵ ਕੇਸ ਆਏ ਹਨ, ਜਦਿਕ 222 ਮਰੀਜ਼ ਠੀਕ ਹੋਣ ਤੋਂ ਬਾਅਦ ਅੰਕੜਾ 3047 ਹੋ ਗਿਆ ਹੈ। ਇਸ ਸਮੇਂ 1245 ਮਰੀਜ਼ ਇਲਾਜ ਅਧੀਨ ਹਨ।