One more death during Corona : ਜਲੰਧਰ ਵਿਚ ਕੋਰੋਨਾ ਨੇ ਤੜਥਲੀ ਮਚਾਈ ਹੋਈ ਹੈ, ਅੱਜ ਫਿਰ ਕੋਰੋਨਾ ਨੇ ਇਕ ਹੋਰ ਮਰੀਜ਼ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਰੀਜ਼ ਲੁਧਿਆਣਾ ਦੇ ਹਸਪਤਾਲ ਦੇ ਹਸਪਤਾਲ ਵਿਚ ਦਾਖਲ ਸੀ, ਜਿਥੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹੁਣ ਜਲੰਧਰ ਵਿਚ ਕੋਰੋਨਾ ਮੌਤਾਂ ਦੀ ਗਿਣਤੀ 19 ਹੋ ਗਈ ਹੈ। ਦੱਸਣਯੋਗ ਹੈ ਕਿ 65 ਸਾਲਾ ਮਸਤੈਕ ਅਹਿਮਦ ਨਾਂ ਦਾ ਇਹ ਵਿਅਕਤੀ ਗੁੜ ਮੰਡੀ ਦਾ ਰਹਿਣ ਵਾਲਾ ਸੀ, ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ।
ਇਸ ਤੋਂ ਇਲਾਵਾ ਜ਼ਿਲੇ ਵਿਚ 44 ਕੋਰੋਨਾ ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆਏ, ਜਿਨ੍ਹਾਂ ਵਿਚ ਸਿਵਲ ਹਸਪਤਾਲ ਦੀ ਇਕ ਡਾਕਟਰ, ਦੋ ਪੁਲਿਸ ਮੁਲਾਜ਼ਮ, ਚਾਰ ਕੈਦੀ ਅਤੇ ਦੋ ਗਰਭਵਤੀ ਔਰਤਾਂ ਸ਼ਾਮਲ ਹਨ। ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 649 ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ ਤੋਂ 15 ਮਰੀਜ਼ਾਂ ਨੂੰ ਸਿਵਲ ਹਸਪਤਾਲ ਅਤੇ ਚਾਰ ਨੂੰ ਮੈਰੀਟੋਰੀਅਸ ਸਕੂਲ ਵਿਚ ਬਣੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ 310 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 261 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਹੁਣ ਤੱਕ ਜ਼ਿਲੇ ਵਿਚ 20748 ਲੋਕਾਂ ਦੇ ਸੈਂਪਲ ਲਏ ਗਏ ਹਨ ਅਤੇ ਇਨ੍ਹਾਂ ਵਿਚੋਂ 18870 ਦੀ ਰਿਪੋਰਟ ਨੈਗੇਟਿਵ ਅਤੇ 990 ਦੀ ਆਉਣੀ ਅਜੇ ਬਾਕੀ ਹੈ।