Six New Corona Positive Cases : ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੀਤੀ ਰਾਤ ਜ਼ਿਲੇ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 4 ਮਰੀਜ਼ ਖਰੜ ਨਾਲ ਸਬੰਧ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚਾਰ ਮਰੀਜ਼ਾਂ ਵਿਚ ਇਕ 50 ਸਾਲਾ ਔਰਤ, 24 ਸਾਲਾ ਨੌਜਵਾਨ, ਗਿਲਕੋ ਵੈਲੀ ਦੀ 82 ਸਾਲਾ ਬਜ਼ੁਰਗ ਅਤੇ ਗਿਲਕੋ ਵੈਲੀ ਦਾ 40 ਸਾਲਾ ਵਿਅਕਤੀ ਸ਼ਾਮਲ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਚਾਰੇ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਦੋ ਮਾਮਲੇ ਜ਼ੀਰਕਪੁਰ ਤੇ ਸੈਕਟਰ-71 ਤੋਂ ਸਾਹਮਣੇ ਆਏ ਹਨ, ਜਿਥੇ ਇਕ 61 ਸਾਲਾ ਵਿਅਕਤੀ ਅਤੇ 57 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜ਼ਿਕਰਯੋਗ ਹੈ ਕਿ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਮੋਹਾਲੀ ਜ਼ਿਲੇ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 252 ਹੋ ਗਈ ਹੈ, ਜਿਨ੍ਹਾਂ ਵਿਚੋਂ 191 ਲੋਕ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਮੋਹਾਲੀ ਵਿਚ ਕੋਰੋਨਾ ਦੇ ਕੁਲ 58 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ 3 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਵੀ ਬੀਤੇ ਦਿਨ ਕੋਰੋਨਾ ਵਾਿਰਸ ਦੇ ਚਾਰ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਸੈਕਟਰ-30 ਦੀ ਇਕ 76 ਸਾਲਾ ਬਜ਼ੁਰਗ, ਸੈਕਟਰ-26 ਬਾਪੂਧਾਮ ਕਾਲੋਨੀ ਵਿਚ 25 ਸਾਲਾ ਲੜਕੀ, ਸੈਕਟਰ-41 ਵਿਚ ਇਕ 45 ਸਾਲਾ ਔਰਤ ਅਤੇ ਸੈਕਟਰ-46 ਵਿਚ ਇਕ 31 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਹੁਣ ਤੱਕ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਦ ਕੇ 428 ਹੋ ਗਈ ਹੈ, ਜਿਨ੍ਹਾਂ ਵਿਚੋਂ 335 ਮਰੀਜ਼ਾਂ ਨੂੰ ਠੀਕ ਹੋਣ ’ਤੇ ਹਸਪਤਾਲੋਂ ਛੁੱਟੀ ਦਿੱਤੀ ਜਾ ਚੁੱਕੀ ਹੈ।