US sees record 52000 cases: ਵਾਸ਼ਿੰਗਟਨ: ਅਮਰੀਕਾ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਅਮਰੀਕਾ ਵਿੱਚ ਇਸ ਮਹਾਂਮਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 52 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਇੱਕ ਦਿਨ ਵਿੱਚ ਮਿਲਣ ਵਾਲੇ ਪੀੜਤ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇੱਥੇ ਕੋਰੋਨਾ ਪੀੜਤਾਂ ਦਾ ਅੰਕੜਾ 26 ਲੱਖ ਦੇ ਪਾਰ ਪਹੁੰਚ ਚੁੱਕਿਆ ਹੈ। ਦਰਅਸਲ, ਅਮਰੀਕਾ ਦੇ ਟੈਕਸਾਸ, ਕੈਲੀਫੋਰਨੀਆ ਅਤੇ ਫਲੋਰੀਡਾ ਸਮੇਤ 14 ਸੂਬਿਆਂ ਵਿੱਚ ਕੋਰੋਨਾ ਦੇ ਮਾਮਲੇ ਜੂਨ ਮਹੀਨੇ ਵਿੱਚ ਦੁੱਗਣੇ ਹੋਏ ਹਨ। ਕੋਰੋਨਾ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਟੈਕਸਾਸ ਅਤੇ ਅਰੀਜ਼ੋਨਾ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਆਈ.ਸੀ.ਯੂ. ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ ।
ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 3,28,27,359 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ । ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਲੋਕਾਂ ਦੀ ਕੁੱਲ ਗਿਣਤੀ 2,779,953 ਹੋ ਚੁੱਕੀ ਹੈ ਜਦਕਿ ਇਹਨਾਂ ਵਿਚੋਂ 7 ਲੱਖ 29 ਹਜ਼ਾਰ ਲੋਕ ਸਿਹਤਮੰਦ ਵੀ ਹੋਏ ਹਨ । ਉੱਥੇ ਹੀ ਇਸ ਵਾਇਰਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 130,798 ਹੋ ਗਈ ਹੈ ।
ਉੱਥੇ ਹੀ ਦੂਜੇ ਪਾਸੇ ਦੇਸ਼ ਵਿੱਚ ਛੂਤਕਾਰੀ ਰੋਗਾਂ ਦੇ ਸਭ ਤੋਂ ਵੱਡੇ ਮਾਹਰ ਡਾਕਟਰ ਐਨਥਨੀ ਫੌਸੀ ਨੇ ਕਿਹਾ ਹੈ ਕਿ ਮਹਾਂਮਾਰੀ ‘ਤੇ ਕੰਟਰੋਲ ਹੁੰਦਾ ਨਹੀਂ ਦਿਸ ਰਿਹਾ । ਇਨਫੈਕਸ਼ਨ ਦਾ ਖਤਰਾ ਪੂਰੇ ਦੇਸ਼ ਨੂੰ ਖਤਰੇ ਵਿੱਚ ਪਾ ਸਕਦਾ ਹੈ । ਇਸ ਤੋਂ ਅੱਗੇ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਇੱਕ ਲੱਖ ਮਰੀਜ਼ਾਂ ਦੇ ਪੀੜਤ ਹੋਣ ਦੀ ਚੇਤਾਵਨੀ ਵੀ ਦਿੱਤੀ ।