Harsimrat Badal assures return : ਕੋਰੋਨਾ ਕਾਰਨ ਸਾਈਪ੍ਰਸ ‘ਚ ਫਸੇ ਪੰਜਾਬੀਆਂ ਦਾ ਮੁੱਦਾ ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ ਪਹੁੰਚਿਆ, ਜਿਸ ’ਤੇ ਬੀਬਾ ਬਾਦਲ ਵੱਲੋਂ ਇਸ ਮੁੱਦੇ ‘ਤੇ ਗੰਭੀਰਤਾ ਦਿਖਾਉਂਦਿਆਂ ਤੁਰੰਤ ਇਸ ਬਾਰੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰਕੇ ਸਾਈਪ੍ਰਸ ‘ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਨੂੰ ਵਾਪਸ ਲਿਆਉਂਣ ਦਾ ਭਰੋਸਾ ਦਿਵਾਇਆ ਗਿਆ। ਇਹ ਮੁੱਦਾ ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਰਾਹੀਂ ਬੀਬੀ ਬਾਦਲ ਦੇ ਧਿਆਨ ‘ਚ ਲਿਆਂਦਾ।
ਦੱਸਣਯੋਗ ਹੈ ਕਿ ਸਾਈਪ੍ਰਿਸ ‘ਚ ਫਸੇ ਵਿਦਿਆਰਥੀਆਂ ਤੇ ਕਾਮਿਆਂ ਦੀ ਬੀਬਾ ਬਾਦਲ ਕੋਲ ਪੁੱਜੀ ਸੂਚੀ ‘ਚ 120 ਨਾਂਅ ਸ਼ਾਮਿਲ ਹਨ, ਜਿੰਨਾਂ ਦੇ ਪਰਿਵਾਰਾਂ ਦੇ ਇਕ ਵਫਦ ਨੇ ਅੱਜ ਰੋਮਾਣਾ ਤੇ ਧਾਲੀਵਾਲ ਦੀ ਅਗਵਾਈ ‘ਚ ਬੀਬੀ ਬਾਦਲ ਨੂੰ ਮਿਲ ਕੇ ਆਪਣੇ ਦੁੱਖੜੇ ਸੁਣਾਏ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਵਿਦੇਸ਼ਾਂ ‘ਚ ਵਸੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਤੇ ਹਮੇਸ਼ਾਂ ਅਕਾਲੀ ਦਲ ਨੇ ਹੀ ਦੂਸਰੇ ਰਾਜਾਂ ‘ਚ ਵਸੇ ਤੇ ਵਿਦੇਸ਼ਾਂ ‘ਚ ਵਸੇ ਪੰਜਾਬੀਆਂ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਉਠਾਇਆ ਤੇ ਇਨ੍ਹਾਂ ਦੀ ਪਹਿਰੇਦਾਰੀ ਵੀ ਕੀਤੀ ਹੈ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਰੁਮਾਣਾ ਨੇ ਕਿਹਾ ਕਿ ਪੰਜਾਬ ਤੋਂ ਵੱਖ-ਵੱਖ ਦੇਸ਼ਾਂ ‘ਚ ਪੜ੍ਹਾਈ ਲਈ ਗਏ ਨੌਜਵਾਨਾਂ ਦੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਯੂਥ ਵਿੰਗ ਕੰਮ ਕਰੇਗਾ ਤੇ ਵਿਦੇਸ਼ਾਂ ‘ਚ ਯੂਥ ਵਿੰਗ ਦੇ ਯੂਨਿਟ ਕਾਇਮ ਕਰਕੇ ਵਿਦਿਆਰਥੀਆਂ ਦੇ ਹਿੱਤਾਂ ਲਈ ਆਉਂਦੇ ਸਮੇਂ ‘ਚ ਅਹਿਮ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਪੰਜਾਬ ਤੋਂ ਲੱਖਾਂ ਵਿਦਿਆਰਥੀਆਂ ਪੜ੍ਹਾਈ ਲਈ ਗਏ ਹੋਏ ਹਨ, ਜਿਨ੍ਹਾਂ ਨੂੰ ਕੋਰੋਨਾ ਕਾਰਨ ਕਈ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਵਿਦੇਸ਼ਾਂ ‘ਚ ਪੰਜਾਬੀ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਉਂਣ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੀ ਬੀਬੀ ਬਾਦਲ ਦਾ ਧੰਨਵਾਦ ਕੀਤਾ।