titu baniya protest: ਜਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪਹਿਲਾਂ ਟੀਟੂ ਬਾਣੀਏ ਨੇ ਲੁਧਿਆਣਾ ਡੀ.ਸੀ ਦਫਤਰ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉੱਥੇ ਹੀ ਹੁਣ ਟੀਟੂ ਬਾਣੀਏ ਨੇ ਅੱਜ ਨਵੇਂ ਤਾਰੀਕੇ ਨਾਲ ਅਨੋਖਾ ਰੋਸ ਪ੍ਰਦਰਸ਼ਨ ਕਰਕੇ ਹੈਰਾਨ ਕਰ ਦਿੱਤਾ। ਦੱਸ ਦੇਈਏ ਕਿ ਪੰਜਾਬ ਹਾਈਕੋਰਟ ਦੇ ਸਕੂਲ ਫੀਸਾਂ ਸਬੰਧੀ ਲੈ ਗਏ ਫੈਸਲੇ ਤੋਂ ਬਾਅਦ ਅੱਜ ਲੁਧਿਆਣਾ ਦੇ ਮੁੱਲਾਂਪੁਰ ਚੌਕ ‘ਚ ਢੋਲ ਵਜਾ ਕੇ ਸਰਕਾਰ ਦੇ ਕੰਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਸਿੱਖਿਆ ਮੰਤਰੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਖਿਲਾਫ ਧਰਨੇ ਦੇ ਰਹੇ ਟੀਟੂ ਬਾਣੀਏ ਨੇ ਕਿਹਾ ਕਿ ਸੁੱਤੀ ਹੋਈ ਕੈਪਟਨ ਸਰਕਾਰ ਨੂੰ ਜਗਾਉਣ ਲਈ ਉਨ੍ਹਾਂ ਨੇ ਅੱਖਾਂ ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨਾਲੋਂ ਤਾਂ ਬਾਦਲ ਦੀ ਸਰਕਾਰ ਚੰਗੀ ਸੀ।
ਟੀਟੂ ਬਾਣੀਆ ਨੇ ਕਿਹਾ ਕਿ ਕੁਝ ਦਿਨਾਂ ਲਈ ਮੈਨੂੰ ਪੰਜਾਬ ਦਾ ਸਿੱਖਿਆ ਮੰਤਰੀ ਬਣਾ ਦਿੱਤਾ ਜਾਵੇ ਤਾਂ ਫਿਰ ਦੇਖਣਾ ਕਿਵੇਂ ਨਿੱਜੀ ਸਕੂਲ ਮਾਫ਼ੀਏ ਨੂੰ ਮੈਂ ਅੱਗੇ ਲਾਉਂਦਾ ਹਾਂ। ਟੀਟੂ ਬਾਣੀਆ ਨੇ ਕਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਨਾ ਕਰਵਾਉਣ ਕਿਉਂਕਿ ਨਿੱਜੀ ਸਕੂਲਾਂ ਵੱਲੋਂ ਲੁੱਟ ਖਸੁੱਟ ਕਰਨ ਦਾ ਇਹ ਇੱਕ ਨਵਾਂ ਜ਼ਰੀਆ ਤਿਆਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਲਾਕਡਾਊਨ ਕਾਰਨ ਸਕੂਲ ਬੰਦ ਰਹੇ ਸਨ ਅਤੇ ਸਕੂਲਾਂ ਵੱਲੋਂ ਮਾਪਿਆਂ ਤੋਂ ਫੀਸਾਂ ਵਸੂਲਣ ਦੀ ਗੱਲ ਆਖੀ ਜਾ ਰਹੀ ਹੈ, ਜਿਸ ਤੋਂ ਬਾਅਦ ਹਾਈਕੋਰਟ ਨੇ ਸਕੂਲਾਂ ਨੂੰ ਕੁਝ ਰਾਹਤ ਤਾਂ ਜਰੂਰ ਦਿੱਤੀ ਸੀ ਪਰ ਇਹ ਰਾਹਤ ਜਿਆਦਾ ਦੇਰ ਤੱਕ ਟਿਕ ਨਹੀਂ ਸਕੀ ਅਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਜਿਸ ਦੀ ਸੁਣਵਾਈ 6 ਜੁਲਾਈ ਨੂੰ ਹੋਵੇਗੀ।