girl murder killer arrested:ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੋਇਆ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਲਾਲਚ ‘ਚ ਭਾਬੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਨਨਾਣ ਦਾ ਕਤਲ ਕਰ ਦਿੱਤਾ। ਦਰਅਸਲ ਇੱਥੇ ਬੀਤੇ ਦਿਨੀ ਫੌਜ ‘ਚ ਰਿਟਾਇਰਡ ਕੈਪਟਨ ਦੀ ਧੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਈ ਸੀ, ਜਿਸ ਸਬੰਧੀ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਮ੍ਰਿਤਕਾਂ ਦੀ ਭਾਬੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਪੁੱਛਗਿੱਛ ‘ਚ ਦੋਸ਼ੀ ਭਾਬੀ ਨੇ ਖੁਲਾਸਾ ਕੀਤਾ ਕਿ ਉਸ ਦੀ ਮਤਰੇਈ ਸੱਸ ਉਸ ਨਾਲ ਸਹੀ ਵਿਹਾਰ ਨਹੀਂ ਕਰਦੀ ਹੈ ਅਤੇ ਉਹ ਮਜ਼ਦੂਰੀ ਕਰਕੇ ਘਰਾ ਚਲਾ ਰਹੀ ਸੀ ਪਰ ਨਨਾਣ ਨੂੰ ਪੜ੍ਹਾਈ ਕਰਵਾਉਣ ਲਈ ਵਿਦੇਸ਼ ਭੇਜਣ ‘ਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਸੀ। ਇਸ ਦੌਰਾਨ ਪੁਲਿਸ ਨੇ ਦੋਸ਼ੀਆਂ ਤੋਂ ਘਰੋਂ ਚੋਰੀ ਕੀਤੇ ਗਹਿਣੇ ਅਤੇ ਪੈਸੇ ਵੀ ਬਰਾਮਦ ਕੀਤੇ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲੁਧਿਆਣਾ ‘ਚ ਸੁਧਾਰ ਦੇ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਫੌਜ ‘ਚ ਰਿਟਾਇਰਡ ਕੈਪਟਨ ਮੇਵਾ ਸਿੰਘ ਦੀ 23 ਸਾਲਾ ਧੀ ਬਲਵੀਰ ਕੌਰ (ਚੀਨੂੰ) ਦਾ 2 ਜੁਲਾਈ ਦੀ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ, ਜਿਸ ਦੀ ਜਾਂਚ ਉਨ੍ਹਾਂ ਨੇ ਐੱਸ.ਪੀ ਰਾਜਵੀਰ ਸਿੰਘ ਤੇ ਡੀ.ਐੱਸ.ਪੀ ਮੁੱਲਾਂਪੁਰ ਦਾਖਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਬਣਾਈ ਟੀਮ ਨੂੰ ਸੌਂਪੀ। ਮਾਮਲੇ ਦੀ ਛਾਣਬੀਣ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਪੁਲਿਸ ਟੀਮ ਨੇ ਕਾਤਲਾਂ ਨੂੰ ਕਾਬੂ ਕਰ ਲਿਆ।
ਇਹ ਹੈ ਪੂਰਾ ਮਾਮਲਾ- ਦੱਸਣਯੋਗ ਹੈ ਕਿ ਮ੍ਰਿਤਕਾ ਦੇ ਪਿਤਾ ਕੈਪਟਨ ਮੇਵਾ ਸਿੰਘ ਦੇ 2 ਵਿਆਹ ਹੋਏ ਸਨ। ਉਨ੍ਹਾਂ ਦੇ ਪਹਿਲੀ ਪਤਨੀ ਜਿਸ ਦੀ ਮੌਤ ਹੋ ਗਈ ਸੀ, ਜਿਸ ਤੋਂ ਤਿੰਨ ਬੱਚੇ ਸਨ। ਵੱਡੇ ਲੜਕੇ ਜਤਿੰਦਰ ਸਿੰਘ ਤੇ ਉਸ ਦੀਆਂ ਦੋਵੇਂ ਕੁੜੀਆਂ ਦੇ ਵਿਆਹ ਕਰ ਦਿੱਤੇ ਸਨ। ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਅਲੱਗ ਰਹਿੰਦਾ ਸੀ। ਦੂਜਾ ਵਿਆਹ ਕੈਪਟਨ ਮੇਵਾ ਸਿੰਘ ਨੇ ਬਲਵਿੰਦਰ ਕੌਰ ਨਾਲ ਕਰਵਾਇਆ ਅਤੇ ਬਲਵਿੰਦਰ ਕੌਰ ਦੀ ਇੱਕ ਲੜਕੀ ਬਲਵੀਰ ਕੌਰ (ਚੀਨੂੰ) ਸੀ। ਦੱਸ ਦੇਈਏ ਕਿ ਮੇਵਾ ਸਿੰਘ ਦਾ ਲੜਕਾ ਜਤਿੰਦਰ ਸਿੰਘ 3 ਸਾਲਾਂ ਲਈ ਦੁਬਈ ਚਲਾ ਗਿਆ ਸੀ ਅਤੇ ਉਸ ਦੀ ਗੈਰ-ਹਾਜ਼ਰੀ ਦੌਰਾਨ ਉਸ ਦੀ ਪਤਨੀ ਚਰਨਜੀਤ ਕੌਰ ਦੇ ਹਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ।ਜਤਿੰਦਰ ਸਿੰਘ ਦੁਬਈ ਤੋਂ ਵਾਪਸ ਆਉਣ ‘ਤੇ ਉਕਤ ਤਿੰਨੋ ਹੀ ਰਜ਼ਾਮੰਦੀ ਨਾਲ ਇਕੱਠੇ ਰਹਿਣ ਲੱਗ ਪਏ। ਬੀਤੇ ਦਿਨੀ 1 ਜੁਲਾਈ ਨੂੰ ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਪਿਤਾ ਨੂੰ ਮਿਲਣ ਲਈ ਪਿੰਡ ਅਕਾਲਗੜ੍ਹ ਗਏ। ਚਰਨਜੀਤ ਕੌਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੀ ਨਨਾਣ ਨੂੰ ਪੜ੍ਹਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਤਾਂ ਉਸ ਦਾ ਕਾਫੀ ਗੁੱਸਾ ਆਇਆ। ਅਗਲੇ ਦਿਨ ਆਪਣੇ ਘਰ ਵਾਪਸ ਆ ਕੇ ਚਰਨਜੀਤ ਕੌਰ ਨੇ ਆਪਣੇ ਪਤੀ ਜਤਿੰਦਰ ਦੇ ਕੰਮ ‘ਤੇ ਜਾਣ ਤੋਂ ਬਾਅਦ ਪ੍ਰੇਮੀ ਹਰਜੀਤ ਸਿੰਘ ਨਾਲ ਯੋਜਨਾ ਬਣਾਈ ਅਤੇ 2 ਜੁਲਾਈ ਦੀ ਸ਼ਾਮ ਨੂੰ ਮੁੜ ਅਕਾਲਗੜ੍ਹ ਪਹੁੰਚੀ, ਜਿੱਥੇ ਦੋਸ਼ੀ ਚਰਨਜੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੀ ਨਨਾਣ ਚੀਨੂੰ ਦੇ ਗਲ ‘ਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟਿਆ ਤੇ ਫਿਰ ਸਿਰ ‘ਚ ਸੋਟਿਆਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਕਤਲ ‘ਤੋਂ ਬਾਅਦ ਚਰਨਜੀਤ ਕੌਰ ਤੇ ਉਸ ਦਾ ਪ੍ਰੇਮੀ ਹਰਜੀਤ ਸਿੰਘ ਨੇ ਘਰ ‘ਚ ਪਏ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦਾ ਖੁਲਾਸਾ ਸੀ.ਸੀ.ਟੀ.ਵੀ ਕੈਮਰੇ ‘ਚ ਉਦੋ ਹੋਇਆ ਜਦ ਦੋਸ਼ੀਆਂ ਦੇ ਮੋਟਰ ਸਾਈਕਲ ਦਾ ਨੰਬਰ ਦਾ ਪਤਾ ਲੱਗਾ। ਇਸ ਦੌਰਾਨ ਦੋਵਾਂ ਦੋਸ਼ੀਆਂ ਨੇ ਮੂੰਹ ਬੰਨ੍ਹੇ ਹੋਏ ਸੀ।