Chinese troops pull back: ਭਾਰਤ ਅਤੇ ਚੀਨ ਵਿਚਾਲੇ ਹੋਏ ਵਿਵਾਦ ਵਿੱਚ ਹੁਣ ਵੱਡੀ ਖਬਰ ਸਾਹਮਣੇ ਆਈ ਹੈ । 15 ਜੂਨ ਨੂੰ ਜਿਸ ਜਗ੍ਹਾ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹੋਈਆਂ ਸਨ, ਹੁਣ ਉੱਥੋਂ ਹੀ ਚੀਨੀ ਫੌਜ 1-2 ਕਿਲੋਮੀਟਰ ਪਿੱਛੇ ਹਟ ਗਈ ਹੈ। ਫੌਜਾਂ ਵਿਚਾਲੇ ਲਗਾਤਾਰ ਆਪਣੀ-ਆਪਣੀ ਫੌਜ ਨੂੰ ਪਿੱਛੇ ਹਟਾਉਣ ਨੂੰ ਲੈ ਕੇ ਮੰਥਨ ਚਲ ਰਿਹਾ ਸੀ, ਅਜਿਹੀ ਸਥਿਤੀ ਵਿੱਚ ਇਸ ਪ੍ਰਕਿਰਿਆ ਦਾ ਇਹ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ ।
ਦਰਅਸਲ, ਅਸਲ ਕੰਟਰੋਲ ਰੇਖਾ (LAC) ‘ਤੇ ਗਲਵਾਨ ਘਾਟੀ ਵਿੱਚ ਹਿੰਸਾ ਵਾਲੀ ਜਗ੍ਹਾ ਤੋਂ ਚੀਨੀ ਫੌਜ 1-2 ਕਿਲੋਮੀਟਰ ਪਿੱਛੇ ਹਟ ਗਈ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਦੋਵਾਂ ਦੇਸ਼ਾਂ ਦੀ ਫੌਜ ਨੇ ਰੀਲੋਕੇਸ਼ਨ ‘ਤੇ ਸਹਿਮਤੀ ਜ਼ਾਹਿਰ ਕੀਤੀ ਹੈ ਅਤੇ ਫੌਜਾਂ ਮੌਜੂਦਾ ਸਥਾਨ ਤੋਂ ਪਿੱਛੇ ਹਟ ਗਈਆਂ ਹਨ । ਗਲਵਾਨ ਘਾਟੀ ਨੇੜੇ ਹੁਣ ਇੱਕ ਬਫਰ ਜ਼ੋਨ ਬਣਾਇਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀਆਂ ਘਟਨਾ ਦੁਬਾਰਾ ਨਾ ਵਾਪਰੇ।
ਚੀਨੀ ਫੌਜ ਨੇ ਆਪਣੇ ਟੈਂਟ, ਗੱਡੀਆਂ ਅਤੇ ਫੌਜ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਕੋਰ ਕਮਾਂਡਰ ਪੱਧਰ ਦੀ ਗੱਲਬਾਤ ਵਿੱਚ ਇਹ ਫੈਸਲਾ ਲਿਆ ਗਿਆ ਸੀ । ਫੌਜ ਦੇ ਸੂਤਰਾਂ ਅਨੁਸਾਰ ਚੀਨੀ 1-2ਕਿਲੋਮੀਟਰ ਪਿੱਛੇ ਵੱਲ ਚਲੇ ਗਏ ਹਨ, ਜਿਸ ਨੂੰ ਭਾਰਤੀ ਪੱਖ ਤੋਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਗਲਵਾਨ ਘਾਟੀ ਵਿੱਚ ਚੀਨ ਨੇ ਆਪਣਾ ਸਮਾਨ ਬਹੁਤ ਪਿੱਛੇ ਤੱਕ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਦੋਵਾਂ ਫੌਜਾਂ ਵਿੱਚ ਹੋਰ ਗੱਲਬਾਤ ਵੀ ਹੋ ਸਕਦੀ ਹੈ।