ludhiana son mother suicide: ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਮਾਂ-ਪੁੱਤ ਦੀਆਂ ਇੱਕਠਿਆਂ ਇਕ ਹੀ ਪੱਖੇ ਨਾਲ ਝੂਲਦੀਆਂ ਹੋਈਆਂ ਲਾਸ਼ਾਂ ਮਿਲੀਆਂ।ਮੌਕੇ ‘ਤੇ ਪਹੁੰਚੇ ਥਾਣਾ ਡਾਬਾ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਹੈ ਕਿ ਸ਼ਹਿਰ ਦੇ ਸਤਿਗੁਰੂ ਨਗਰ ਦੀ ਗਲੀ ਨੰਬਰ 9 ‘ਚ 35 ਸਾਲਾ ਨੌਜਵਾਨਾ ਮੁਨੀਸ਼ ਆਪਣੀ ਮਾਂ ਕ੍ਰਿਸ਼ਣਾ ਦੇਵੀ ਨਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ, ਜਿਸ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਏ.ਐੱਸ.ਆਈ. ਨਵੀਨ ਕੁਮਾਰ ਨੇ ਦੱਸਿਆ ਕਿ ਘਰ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਮ੍ਰਿਤਕ ਮੁਨੀਸ਼ ਇਕ ਫੈਕਟਰੀ ‘ਚ ਕੰਮ ਕਰਦਾ ਸੀ ਪਰ ਲਾਕਡਾਊਨ ਦੇ ਕਾਰਨ ਕੰਮ ਬੰਦ ਹੋ ਗਿਆ ਸੀ, ਜਿਸ ਕਾਰਨ ਮੁਨੀਸ਼ ਡਿਪਰੈਸ਼ਨ ‘ਚ ਰਹਿੰਦਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਮੁਨੀਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀ ਪਤਨੀ ਵੀ ਬੀਮਾਰ ਰਹਿੰਦੀ ਸੀ, ਜੋ ਕੁਝ ਸਮੇਂ ਤੋਂ ਆਪਣੇ ਪੇਕੇ ਪੰਚਕੂਲਾ ‘ਚ ਰਹਿੰਦੀ ਸੀ ਪਰ 10 ਦਿਨ ਪਹਿਲਾਂ ਉਸ ਦੀ ਵੀ ਮੌਤ ਹੋ ਗਈ ਸੀ, ਜਿਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਮੁਨੀਸ਼ 2 ਦਿਨ ਪਹਿਲਾਂ ਹੀ ਪੰਚਕੂਲਾ ਤੋਂ ਵਾਪਿਸ ਆਇਆ ਸੀ ਕਿ ਹੁਣ ਦੋਵਾਂ ਮਾਂ-ਪੁੱਤਾਂ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ।
ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਘਰ ‘ਚ ਕੋਈ ਹਲਚਲ ਨਾ ਹੋਈ ਅਤੇ ਸ਼ੱਕ ਹੋਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋ ਬੰਦ ਸੀ, ਜਦੋਂ ਖਿੜਕੀ ਰਾਹੀਂ ਅੰਦਰ ਦੇਖਿਆ ਗਿਆ ਤਾਂ ਦੋਵਾਂ ਮਾਂ-ਪੁੱਤ ਦੀਆਂ ਲਾਸ਼ਾਂ ਪੱਖੇ ਨਾਲ ਲਟਕ ਰਹੀਆਂ ਸੀ। ਪੁਲਿਸ ਨੇ ਮੌਕੇ ‘ਤੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।