ludhiana police wear mask:ਲੁਧਿਆਣਾ ‘ਚ ਲਗਾਤਾਰ ਵੱਧ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਇੱਥੋ ਦੇ ਪੁਲਿਸ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ। ਵਿਭਾਗ ਵੱਲੋਂ ਆਪਣੇ ਪੁਲਿਸ ਕਰਮਚਾਰੀਆਂ ਲਈ ਕੁਝ ਨਵੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ, ਜਿਸ ਨੂੰ ਹਰ ਪੁਲਿਸ ਅਧਿਕਾਰੀ ਦੇ ਨਾਲ-ਨਾਲ ਪੁਲਿਸ ਥਾਣੇ ਦੇ ਅੰਦਰ ਆਉਣ ਵਾਲੇ ਆਮ ਲੋਕ ਵੀ ਧਿਆਨ ‘ਚ ਰੱਖਣਗੇ। ਦੱਸ ਦੇਈਏ ਕਿ ਲੁਧਿਆਣਾ ਦੇ ਹਰ ਥਾਣੇ ਦੇ ਅੰਦਰ ਪੁਲਿਸ ਕਰਮਚਾਰੀ ਮਾਸਕ ਪਹਿਨੇ ਹੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਥਾਣੇ ਦੇ ਅੰਦਰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਪੁਲਿਸ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹੁਣ ਪੁਲਿਸ ਥਾਣੇ ਦੇ ਅੰਦਰ ਵੀ ਕਰਮਚਾਰੀ ਮਾਸਕ ਪਹਿਨ ਕੇ ਕੰਮ ਕਰਨਗੇ ਅਤੇ ਬਾਹਰੋਂ ਆਉਣ ਵਾਲਿਆਂ ਦੇ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ, ਚਾਹੇ ਉਹ ਕੋਈ ਵੀ ਕਰਮਚਾਰੀ ਹੋਵੇ। ਇਸ ਦੇ ਨਾਲ ਹੀ ਆਮ ਵਿਅਕਤੀ ਥਾਣੇ ‘ਚ ਦਾਖਲ ਹੋਣ ਤੋਂ ਪਹਿਲਾਂ ਉਸ ਦਾ ਬੁਖਾਰ ਵੀ ਚੈੱਕ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਵੀ ਉਸੇ ਸਰਕਲ ‘ਚ ਰਹਿ ਕੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਹੋਵੇਗੀ।