US coronavirus new record: ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੋਰ ਵੀ ਭਿਆਨਕ ਹੋ ਗਿਆ ਹੈ। ਹੁਣ ਹਰ ਰੋਜ਼ ਦੋ ਲੱਖ ਦੇ ਕਰੀਬ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅਮਰੀਕਾ ਵਿੱਚ ਤਾਂ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ । ਇੱਥ ਪਿਛਲੇ 24 ਘੰਟਿਆਂ ਦੌਰਾਨ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਅੱਜ ਤੱਕ ਦਾ ਰਿਕਾਰਡ ਹੈ । ਜੌਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੁੱਲ 60209 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਇਲਾਵਾ 1,114 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ । ਅਮਰੀਕਾ ਵਿੱਚ ਹੁਣ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1.31 ਲੱਖ ਤੋਂ ਪਾਰ ਹੋ ਗਈ ਹੈ,ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 31 ਲੱਖ ਦੇ ਨੇੜੇ ਹੈ।
ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਵਿੱਚ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਜ਼ਬਰਦਸਤ ਉਛਾਲ ਆਇਆ ਹੈ ਅਤੇ ਹਰ ਰੋਜ਼ ਔਸਤਨ 50 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਹੁਣ ਅਮਰੀਕਾ ਵਿੱਚ ਲਗਭਗ ਹਰ ਚੀਜ਼ ਖੁੱਲ੍ਹ ਗਈ ਹੈ ਅਤੇ ਲੋਕ ਦੁਬਾਰਾ ਬਿਨ੍ਹਾਂ ਕਿਸੇ ਰੋਕ-ਟੋਕ ਦੇ ਬਾਹਰ ਨਿਕਲ ਰਹੇ ਹਨ। ਨਾਲ ਹੀ, ਅਮਰੀਕਾ ਵਿੱਚ ਹੋਣ ਵਾਲੇ ਟੈਸਟਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਅਮਰੀਕਾ ਹਰ ਦਿਨ ਲਗਭਗ 5 ਲੱਖ ਟੈਸਟ ਕਰ ਰਿਹਾ ਹੈ। ਹੁਣ ਤੱਕ ਅਮਰੀਕਾ ਵਿੱਚ 3 ਕਰੋੜ ਤੋਂ ਵੀ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ।
ਮੰਗਲਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਇੱਕ ਬਿਆਨ ਦਿੱਤਾ ਸੀ ਕਿ ਕੋਰੋਨਾ ਵਾਇਰਸ ਅਜੇ ਸਿਖਰ ‘ਤੇ ਨਹੀਂ ਪਹੁੰਚਿਆ ਹੈ। ਕਿਉਂਕਿ ਹੁਣ ਕਈ ਦੇਸ਼ਾਂ ਵਿੱਚ ਟੈਸਟਿੰਗ ਰਫ਼ਤਾਰ ਫੜ ਰਹੀ ਹੈ। ਹੁਣ ਦੁਨੀਆ ਵਿੱਚ ਹਰ ਦਿਨ 1.80 ਲੱਖ ਤੋਂ ਵੱਧ ਕੇਸ ਆ ਰਹੇ ਹਨ । ਇਨ੍ਹਾਂ ਵਿਚੋਂ ਜ਼ਿਆਦਾਤਰ ਕੇਸ ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਤੋਂ ਆ ਰਹੇ ਹਨ, ਇਹ ਤਿੰਨੋਂ ਦੇਸ਼ ਮਿਲ ਕੇ ਇੱਕ ਲੱਖ ਤੋਂ ਵੱਧ ਕੇਸ ਦਰਜ ਕਰਵਾ ਰਹੇ ਹਨ । ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 1.20 ਕਰੋੜ ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 5.46 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ।