Ludhiana suicide mother son: ਲੁਧਿਆਣਾ ‘ਚ ਮਾਂ-ਪੁੱਤ ਦੀਆਂ ਇੱਕਠੀਆਂ ਪੱਖੇ ਨਾਲ ਲਟਕਦੀਆਂ ਹੋਈਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਨਵਾਂ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਨੀਸ਼ ਦੇ ਘਰੋਂ 4 ਪੇਜਾਂ ਦਾ ਸੁਸਾਇਡ ਨੋਟ ਮਿਲਿਆ ਹੈ, ਜਿਸ ‘ਚ ਉਸ ਨੇ ਮੌਤ ਦੇ ਜ਼ਿੰਮੇਵਾਰ ਆਪਣੇ ਸਹੁਰਾ ਪਰਿਵਾਰ ਨੂੰ ਦੱਸਿਆ ਹੈ। ਸੁਸਾਇਡ ਨੋਟ ਦੇ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਮੁਨੀਸ਼ ਦੇ ਸਹੁਰਾ ਪਰਿਵਾਰ ਦੇ 14 ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਪੁਲਿਸ ਨੇ ਸੁਸਾਇਡ ਨੋਟ ਸਬੰਧੀ ਖੁਲਾਸਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਸੁਸਾਇਡ ਨੋਟ ‘ਚ ਮ੍ਰਿਤਕ ਮੁਨੀਸ਼ ਨੇ ਲਿਖਿਆ ਹੈ ਕਿ ਉਸ ਦੀ ਪਤਨੀ ਮਮਤਾ ਬੀਮਾਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਆਪਣੇ ਪੇਕੇ ਚਲੀ ਗਈ ਸੀ, ਜਿੱਥੇ 19 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ। ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਆਪਣੀ ਮਾਂ ਕ੍ਰਿਸ਼ਣਾ ਦੇਵੀ ਦੇ ਨਾਲ ਮਮਤਾ ਦੇ ਪੇਕੇ ਘਰ ਅੰਤਿਮ ਸੰਸਕਾਰ ਲਈ ਪਹੁੰਚੇ, ਜਿੱਥੇ ਮਮਤਾ ਦੇ ਪਰਿਵਾਰ ਨੇ ਮਾੜਾ ਵਿਹਾਰ ਕੀਤਾ। ਮਮਤਾ ਦੇ ਪਰਿਵਾਰਿਕ ਮੈਂਬਰਾਂ ਨੇ ਮੁਨੀਸ਼ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਸੀ। ਇਸ ‘ਤੇ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਮੁਨੀਸ਼ ਨੇ ਗੱਲ ਬਰਦਾਸ਼ਤ ਨਹੀਂ ਕੀਤੀ ਅਤੇ ਘਰ ਵਾਪਸ ਪਹੁੰਚ ਕੇ ਖੌਫਨਾਕ ਕਦਮ ਚੁੱਕ ਲਿਆ।
ਜ਼ਿਕਰਯੋਗ ਹੈ ਕਿ ਮ੍ਰਿਤਕ ਮੁਨੀਸ਼ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਦੋ ਭਰਾ ਵੀ ਮਰ ਚੁੱਕੇ ਹਨ। ਮੁਨੀਸ਼ ਦਾ 2017 ‘ਚ ਮਮਤਾ ਨਾਲ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਮਮਤਾ ਬਿਮਾਰ ਰਹਿਣ ਲੱਗ ਪਈ ਸੀ, ਜਿਸ ਦਾ ਇਲਾਜ ਮੁਨੀਸ਼ ਕਰਵਾ ਰਿਹਾ ਸੀ ਪਰ ਲਾਕਡਾਊਨ ਕਾਰਨ ਮੁਨੀਸ਼ ਦੀ ਨੌਕਰੀ ਛੁੱਟ ਗਈ ਸੀ, ਜਿਸ ਕਾਰਨ ਬੇਰੁਜ਼ਗਾਰ ਮੁਨੀਸ਼ ਕੋਲ ਇਲਾਜ ਲਈ ਪੈਸੇ ਨਹੀਂ ਸੀ। ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਨੀਸ਼ ਆਪਣੀ ਪਤਨੀ ਨਾਲ ਪਿਆਰ ਨਾਲ ਰਹਿੰਦਾ ਸੀ ਪਰ ਸਹੁਰੇ ਪਰਿਵਾਰ ਨਾਲ ਉਸ ਦਾ ਲੜਾਈ-ਝਗੜਾ ਹੀ ਰਹਿੰਦਾ ਸੀ।