White House On China: ਅਮਰੀਕਾ ਅਤੇ ਚੀਨ ਵਿਚਾਲੇ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ ਹੈ । ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਚੀਨ ਖਿਲਾਫ ਕਈ ਹੋਰ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ । ਹਾਲਾਂਕਿ, ਵ੍ਹਾਈਟ ਹਾਊਸ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਅਮਰੀਕਾ ਚੀਨ ਦੇ ਖਿਲਾਫ ਕੀ ਕਦਮ ਚੁੱਕੇਗਾ । ਕੋਰੋਨਾ ਵਾਇਰਸ ਦੇ ਮਹਾਂਮਾਰੀ ਤੋਂ ਬਾਅਦ ਅਮਰੀਕਾ ਅਤੇ ਚੀਨ ਵਿੱਚ ਸਬੰਧ ਹੋਰ ਵਿਗੜ ਗਏ ਹਨ। ਕੋਰੋਨਾ ਵਾਇਰਸ ਮਹਾਂਮਾਰੀ ਨੇ ਅਮਰੀਕਾ ਵਿੱਚ ਭਾਰੀ ਤਬਾਹੀ ਮਚਾਈ ਹੈ, ਜਿਸਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ‘ਤੇ ਦੋਸ਼ ਲਗਾ ਰਹੇ ਹਨ । ਹਾਂਗਕਾਂਗ ਵਿੱਚ ਚੀਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ, ਉਈਗਰ ਮੁਸਲਮਾਨਾਂ ਨਾਲ ਸਲੂਕ ਅਤੇ ਤਿੱਬਤ ਨੂੰ ਲੈ ਕੇ ਦੋਨੋਂ ਦੇਸ਼ ਆਹਮੋ-ਸਾਹਮਣੇ ਹਨ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੈਕਨੀ ਨੇ ਬੁੱਧਵਾਰ ਨੂੰ ਇੱਕ ਮੀਡੀਆ ਗੱਲਬਾਤ ਦੌਰਾਨ ਕਿਹਾ, “ਮੈਂ ਇਹ ਨਹੀਂ ਦੱਸ ਸਕਦਾ ਕਿ ਅਸੀਂ ਚੀਨ ਖਿਲਾਫ ਅਗਲੀ ਕੀ ਕਾਰਵਾਈ ਕਰਨ ਜਾ ਰਹੇ ਹਾਂ, ਪਰ ਜਲਦੀ ਹੀ ਤੁਸੀਂ ਕੁਝ ਅਜਿਹੀ ਕਾਰਵਾਈ ਬਾਰੇ ਸੁਣੋਗੇ ਜੋ ਚੀਨ ਨਾਲ ਸਬੰਧਤ ਹੈ । ਅਮਰੀਕਾ ਦੇ ਚੋਟੀ ਦੇ ਅਧਿਕਾਰੀਆਂ ਦੇ ਬਿਆਨਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਚੀਨ ਵਿਰੁੱਧ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ । ਅਮਰੀਕਾ ਪਹਿਲਾਂ ਹੀ ਹਾਂਗਕਾਂਗ, ਉਈਗਰ ਮੁਸਲਮਾਨਾਂ ਅਤੇ ਤਿੱਬਤ ਨੂੰ ਲੈ ਕੇ ਕਈ ਚੀਨੀ ਅਧਿਕਾਰੀਆਂ ‘ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਬੁੱਧਵਾਰ ਨੂੰ ਬ੍ਰਿਟਿਸ਼ ਕਲੋਨੀ ਹਾਂਗਕਾਂਗ ਵਿੱਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਬਾਰੇ ਕਿਹਾ ਕਿ ਚੀਨ ਨੇ ਇਸ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ । ਬ੍ਰਾਇਨ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਚੀਨ ਦੇ ਸਬੰਧ ਵਿੱਚ ਬਹੁਤ ਸਾਰੇ ਕਦਮ ਦੇਖਾਂਗੇ । ਅਮਰੀਕਾ ਦਾ ਕੋਈ ਵੀ ਅਮਰੀਕੀ ਰਾਸ਼ਟਰਪਤੀ ਜਿਸ ਤਰ੍ਹਾਂ ਡੋਨਾਲਡ ਟਰੰਪ ਦੀ ਤਰ੍ਹਾਂ ਚੀਨ ਦੇ ਵਿਰੁੱਧ ਨਹੀਂ ਖੜਾ ਹੋਇਆ । ਉਹ ਪਹਿਲਾ ਅਮਰੀਕੀ ਰਾਸ਼ਟਰਪਤੀ ਹਨ ਜਿਸ ਨੇ ਵਪਾਰ ਅਸੰਤੁਲਨ ਨੂੰ ਖਤਮ ਕਰਨ ਲਈ ਚੀਨੀ ਸਮਾਨ ‘ਤੇ ਭਾਰੀ ਟੈਰਿਫ ਲਗਾਏ ਗਏ ਸਨ ।
ਬ੍ਰਾਇਨ ਨੇ ਕਿਹਾ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹੁਣ ਹਾਂਗਕਾਂਗ ਨੂੰ ਹੁਣ ਇੱਕ ਖੁਦਮੁਖਤਿਆਰੀ ਖਿੱਤੇ ਵਜੋਂ ਨਹੀਂ, ਬਲਕਿ ਚੀਨ ਦੇ ਹਿੱਸੇ ਵਜੋਂ ਵੇਖਿਆ ਜਾਵੇਗਾ । ਹਾਂਗਕਾਂਗ ਤੋਂ ਇੱਕ ਖੁਦਮੁਖਤਿਆਰੀ ਖੇਤਰ ਵਜੋਂ ਸਾਰੀਆਂ ਛੋਟਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਰਾਸ਼ਟਰਪਤੀ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਬਹੁਤ ਸਾਰੇ ਨਿਯਮ ਅਤੇ ਕਾਰਜ ਹੋਣਗੇ।