Punjab & Sindh Bank : ਕਪੂਰਥਲਾ ਵਿਚ ਪਿੰਡ ਦਿਆਲਪੁਰ ਵਿਚ ਇਕ ਬੈਂਕ ਕੈਸ਼ੀਅਰ ਦੀ ਰਿਪੋਰਟ ਪਾਜ਼ੀਟਿਵ ਆਉਣ ’ਤੇ ਬੈਂਕ ਨੂੰ ਸੀਲ ਕਰ ਦਿੱਤਾ ਗਿਆ ਹੈ, ਉਥੇ ਹੀ ਜ਼ਿਲੇ ਵਿਚੋਂ ਕੋਰੋਨਾ ਦੇ 4 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ 7 ਸਾਲਾ ਦੀ ਬੱਚੀ ਵੀ ਸ਼ਾਮਲ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅਰਬਨ ਅਸਟੇਟ ਤੋਂ 7 ਸਾਲਾ ਬੱਚੀ, 38 ਸਾਲਾ ਔਰਤ ਸਣੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਐੱਸਐੱਮਓ ਢਿੱਲਵਾਂ ਜਸਵਿੰਦਰ ਕੁਮਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕੈਸ਼ੀਅਰ ਨਰਿੰਦਰ ਕੁਮਾਰ ਨੇ ਜਲੰਧਰ ਹਸਪਤਾਲ ’ਚ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾ੍ਦ ਸਾਰੇ ਬੈਂਕ ਨੂੰ ਸੀਲ ਕਰ ਦਿੱਤਾ ਹੈ ਤੇ ਕੱਲ 10 ਜੁਲਾਈ ਨੂੰ ਬੈਂਕ ਦੇ ਬਾਕੀ ਰਹਿੰਦੇ 5 ਮੁਲਾਜ਼ਮਾਂ ਦੇ ਸੈਂਪਲ ਲਏ ਜਾਣਗੇ।
ਪਬਲਿਕ ਡੀਲਿੰਗ ’ਚ ਹੋਣ ਕਰਕੇ ਕੈਸ਼ੀਅਰ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਤੋਂ ਬਾਅਦ ਬੈਂਕ ਸਟਾਫ ਅਤੇ ਗ੍ਰਾਹਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਇਸੇ ਮਹੀਨੇ ਦੀ 5 ਜੁਲਾਈ ਨੂੰ ਬੇਗੋਵਾਲ ਤੋਂ ਬਦਲ ਕੇ ਦਿਆਲਪੁਰ ਬੈਂਕ ਵਿਚ ਨਵੇਂ ਆਏ ਸਨ। ਬੈਂਕ ਮੈਨੇਜਰ ਨੇ ਇਸ ਬਾਰੇ ਦੱਸਿਆ ਕਿ ਕੈਸ਼ੀਅਰ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਣ ‘ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ, ਜਿਸ ‘ਤੇ ਉਨ੍ਹਾਂ ਤੁਰੰਤ ਬੈਂਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ।