Thirty Seven new Corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਇਸ ਦੇ ਲਗਾਤਾਰ ਵਧਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਅੱਜ ਸੂਬੇ ’ਚ ਪਟਿਆਲਾ ਜ਼ਿਲੇ ਤੋਂ ਕੋਰੋਨਾ ਦੇ ਫਿਰ ਵੱਡੀ ਗਿਣਤੀ ਵਿਚ 32 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਫਿਰੋਜ਼ਪੁਰ ਤੋਂ ਵੀ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਵਿਚ 32 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਇਥੇ ਕੋਰੋਨਾ ਪੀੜਤਾਂ ਦਾ ਅੰਕੜਾ 552 ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚੋਂ ਵਧੇਰੇ ਮਰੀਜ਼ ਸਮਾਣਾ ਨਾਲ ਸਬੰਧਤ ਹਨ। ਇਨ੍ਹਾਂ ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।
ਉਥੇ ਹੀ ਫਿਰੋਜ਼ਪੁਰ ਵਿਚ ਕੋਰੋਨਾ ਦੇ ਅੱਜ ਸਾਹਮਣੇ ਆਏ ਨਵੇਂ ਪੰਜ ਮਰੀਜ਼ਾਂ ਵਿਚੋਂ ਇਕ ਤਲਵੰਡੀ, ਦੋ ਮਰੀਜ਼ ਗੁਰੂਹਰਸਹਾਏ, ਇਕ ਮਮਦੋਟ ਅਤੇ ਇਕ ਫਿਰੋਜ਼ਸ਼ਾਹ ਨਾਲ ਸਬੰਧਤ ਹੈ। ਅੱਜ ਇਹ ਨਵੇਂ ਪੰਜ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਇਸ ਦੇ ਕੁਲ ਮਰੀਜ਼ਾਂ ਦੀ ਗਿਣਤੀ 143 ਹੋ ਗਈ ਹੈ, ਜਿਨ੍ਹਾਂ ਵਿਚੋਂ 77 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਇਸ ਸਮੇਂ ਇਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 63 ਹੈ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਥੇ ਹੀ ਹੁਣ ਤੱਕ ਇਸ ਵਾਇਰਸ ਨਾਲ ਜੰਗ ਲੜਦੇ ਹੋਏ ਤਿੰਨ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਵੀ ਮੌਜੂਦਾ ਸਮੇਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧ ਕੇ 7,93,802 ਹੋ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 26,506 ਮਾਮਲੇ ਸਾਹਮਣੇ ਆਏ ਹਨ। ਇਥੇ ਹੀ ਇਸ ਤੋਂ 19,135 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਤੱਕ ਦੇਸ਼ ਵਿਚ 4,95,513 ਲੋਕਾਂ ਨੇ ਇਸ ਮਹਾਮਾਰੀ ਨੂੰ ਮਾਤ ਦਿੱਤੀ ਹੈ, ਜਦਕਿ ਮੌਜੂਦਾ ਸਮੇਂ ਇਸ ਦੇ 2,76,685 ਐਕਟਿਵ ਮਾਮਲੇ ਹਨ, ਜਿਹੜੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।