Case of making fake T20 : ਮੋਹਾਲੀ : ਖਰੜ ਦੇ ਪਿੰਡ ਸਵਾੜਾ ਵਿਚ ਸ਼੍ਰੀਲੰਕਾ ਦੇ ਫਰਜ਼ੀ ਕ੍ਰਿਕਟ ਟੂਰਨਾਮੈਂਟ ਮੈਚ ਮਾਮਲੇ ਵਿਚ ਇਕ ਹੋਰ ਨੂੰ ਕਾਬੂ ਕਰਦਿਆਂ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਮੈਚ ਵਿਚ ਹਾਈ ਰੈਜ਼ਿਲਿਊਸ਼ਨ ਵਾਲੇ ਕੈਮਰੇ ਮੁਹੱਈਆ ਕਰਵਾਉਣ ਵਾਲੇ ਦੁਰਗੇਸ਼ ਨਾਂ ਦੇ ਵਿਅਕਤੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਫਰਜ਼ੀ ਟੀ-20 ਮੈਚ ਦਾ ਲਾਈਵ ਪ੍ਰਸਾਰਣ ਕਰਨ ਵਾਲੀ ਵੈੱਬਸਾਈਟ ਅਤੇ ਐਪ ’ਤੇ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ ਲਗਭਗ 5 ਵੈੱਬਸਾਈਟ ਤੇ ਐਪ ਪ੍ਰਬੰਧਕਾਂ ਨੂੰ ਨੋਟਿਸ ਭੇਜ ਕੇ ਸਥਿਤੀ ਸਾਫ ਕਰਨ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਬੀਸੀਸੀਆਈ ਨੇ ਵੀ ਆਪਣੀ ਰਿਪੋਰਟ ਵਿਚ ਇਨ੍ਹਾਂ ’ਤੇ ਸਵਾਲੀਆ ਨਿਸ਼ਾਨ ਲਗਾ ਚੁੱਕੀ ਹੈ। ਬੀਸੀਸੀਆਈ ਨੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਫਰਜ਼ੀ ਲੀਗ ਦਾ ਖੁਲਾਸਾ ਹੋਇਆ ਹੈ ਉਦੋਂ ਤੋਂ ਇਕ ਐਪ ਮੈਨੇਜਰ ਨੇ ਮੁੰਬਈ ਦੀ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ। ਪਤਾ ਲੱਗਾ ਹੈ ਕਿ ਬੀਸੀਸੀਆਈ ਨੇ ਪੁਲਿਸ ਨੂੰ ਸੌਂਪੀ ਆਪਣੀ ਰਿਪੋਰਟ ਵਿਚ ਫਿਕਸਿੰਗ ਦਾ ਖੁਲਾਸਾ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਸਵਾਡਾ ਦੇ ਗ੍ਰਾਊਂਡ ’ਚ ਦੋ ਮੈਚ ਖੇਡੇ ਗਏ ਸਨ, ਜਿਨ੍ਹਾਂ ਵਿਚ 11 ਵਜੇ ਖੇਡੇ ਗਏ ਪਹਿਲੇ ਮੈਚ ਵਿਚ 200 ਦੌੜਾਂ ਬਣਾਈਆਂ ਗਈਆਂ ਸਨ।
ਵਿਰੋਧੀ ਟੀਮ ਦੀ ਬਾਲਿੰਗ ਖਰਾਬ ਹੋਣ ਕਰਕੇ ਟੀਮ ਨੇ ਆਸਾਨੀ ਨਾਲ ਮੈਚ ਜਿੱਤ ਲਿਆ। ਇਸ ਤੋਂ ਬਾਅਦ 2 ਵਜੇ ਖੇਡੇ ਗਏ ਦੂਸਰੇ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਸਿਰਫ 80 ਦੌੜਾਂ ’ਤੇ ਆਊਟ ਹੋ ਗਈ ਸੀ, ਇਸ ਨਾਲ ਵੀ ਇਸ ਦੇ ਫਿਕਸ ਹੋਣ ਦਾ ਪਤਾ ਲੱਗਦਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਖਿਡਾਰੀਆਂ ਨੂੰ ਸ਼੍ਰੀਲੰਕਾ ਦੀ ਜਰਸੀ ਦਿੱਤੀ ਗਈ ਸੀ, ਜਿਸ ’ਤੇ ਲੀਗ ਨਾਲ ਜੁੜੇ ਵਿਗਿਆਪਨ ਆਦਿ ਛਪੇ ਸਨ। ਮੈਚ ਤੋਂ ਬਾਅਦ ਸਾਰੇ ਖਿਡਾਰੀਆਂ ਤੋਂ ਜਰਸੀ ਵਾਪਿਸ ਲੈ ਲਈ ਗਈ। ਕਮੇਂਟੇਟਰਾਂ ਵੱਲੋਂ ਵੀ ਕਮੈਂਟਰੀ ਦੌਰਾਨ ਮੈਚ ਨੂੰ ਸ਼੍ਰੀਲੰਕਾ ਦਾ ਹੀ ਦੱਸਿਆ ਗਿਆ ਸੀ।