Best performing districts were honored : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਪਰਿਵਾਰ ਨਿਯੋਜਨ ਦੀਆਂ ਮੁਫਤ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੀਤੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ, ਜਿਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਚ ਨਸਬੰਦੀ ਨੂੰ ਲੈ ਕੇ ਮਾਨਸਾ ਪਹਿਲੇ ਸਥਾਨ ’ਤੇ ਰਿਹਾ, ਵੈਸਕਟੋਮੀ ਵਿੱਚ ਜਲੰਧਰ ਅੱਵਲ ਅਤੇ ਮਿੰਨੀ ਲੈਪ ਵਿੱਚ ਅੰਮ੍ਰਿਤਸਰ ਪਹਿਲੇ ਸਥਾਨ ’ਤੇ ਰਿਹਾ। ਇਸ ਦੀ ਜਾਣਕਾਰੀ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਹੀ ਡਿਲਿਵਰੀ ਕਰਵਾਉਣ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾ ਕੇ ਆਪਣੇ ਪਰਿਵਾਰ ਨੂੰ ਸੀਮਤ ਰੱਖਣ ਅਤੇ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ, ਜੋਕਿ ਸੂਬਾ ਸਰਕਾਰ ਵੱਲੋਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਵਿਸ਼ਵ ਆਬਾਦੀ ਦਿਵਸ ਦਾ ਇਸ ਸਾਲ ਦਾ ਵਿਸ਼ਾ ਹੈ “ਆਪਦਾ ਦੌਰਾਨ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ”। ਉਨ੍ਹਾਂ ਕਿਹਾ ਕਿ ਕੋਵਿਡ -19 ਜਿਹੀ ਮਹਾਂਮਾਰੀ ਦੌਰਾਨ ਵੀ ਵੱਧ ਰਹੀ ਅਬਾਦੀ ਵਿਚ ਸਥਿਰਤਾ ਲਿਆਉਣ ਲਈ ਬਿਮਾਰੀ ਅਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਜਰੂਰੀ ਹੈ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ 5, 10 ਤੇ 16 ਸਾਲ ਉਮਰ ਦੇ ਬੱਚੇ ਲਈ ਸਕੂਲ ਹੈਲਥ ਟੀਮਾਂ ਵੱਲੋਂ ਪੰਜਾਬ ਦੇ ਸਕੂਲਾਂ ਵਿਚ ਟੀਕਾਕਰਨ ਕੀਤਾ ਜਾਂਦਾ ਸੀ। ਪਰ ਇਸ ਵਾਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਕੂਲ ਹੋਣ ਕਰਕੇ ਟੀਕਾਕਰਨ ਹੁਣ ਵੱਖ ਵੱਖ ਜਾਗਰੂਕ ਪ੍ਰੋਗਰਾਮਾਂ ਰਾਹੀਂ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਕੇ ਬੱਚਿਆਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਵਰਗੇ ਵਿਸ਼ੇ ਨੂੰ ਆਧਾਰ ਦੱਸਦਿਆਂ ਭਾਰਤ ਦੀ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 2,77,43,338 (2 ਕਰੋੜ 77 ਲੱਖ 43 ਹਜ਼ਾਰ 338) ਸੀ, ਜੋ ਹੁਣ ਲਗਭਗ 3 ਕਰੋੜ ਤੋਂ ਉਪਰ ਹੋ ਗਈ ਹੈ, ’ਤੇ ਚਿੰਤਾ ਪ੍ਰਗਟਾਈ।