Twenty Eight corona cases : ਜਲੰਧਰ ਵਿਚ ਕੋਰੋਨਾ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਹੈ। ਅੱਜ ਐਤਵਾਰ ਨੂੰ ਵੀ ਜ਼ਿਲੇ ਵਿਚ ਕੋਰੋਨਾ ਦੇ 28 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1200 ਤੋਂ ਵੀ ਪਾਰ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵਿਚੋਂ 11 ਔਰਤਾਂ ਅਤੇ 17 ਮਰਦਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਮਰੀਜ਼ ਸੰਜੇ ਗਾਂਧੀ ਨਗਰ, ਦੀਪਨਗਰ, ਸ਼ਹੀਦ ਭਗਤ ਸਿੰਘ ਨਗਰ, ਰੰਧਾਵਾ ਮਸੰਦਾ, ਈਸਾਨਗਰ, ਬਸਤੀ ਗੁਜਾਂ, ਬਸੰਤ ਐਵੇਨਿਊ, ਗਾਰਡਨ ਕਾਲੋਨੀ ਤੇ ਆਬਾਦਪੁਰਾ ਇਲਾਕੇ ਨਾਲ ਸਬੰਧਤ ਹਨ।
ਇਸ ਦੇ ਨਾਲ ਹੀ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1201 ਹੋ ਗਈ ਹੈ ਅਤੇ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ ਦੇ 82 ਮਾਮਲੇ ਸਾਹਮਣੇ ਆਏ ਸਨ, ਉਥੇ ਹੀ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਵਿਚ ਰਾਏਪੁਰ-ਰਸੂਲਪੁਰ ਤੋਂ ਇਕ 56 ਸਾਲਾ ਵਿਅਕਤੀ, ਸੰਜੇ ਗਾਂਧੀ ਨਗਰ ਤੋਂ 45 ਸਾਲਾ ਵਿਅਕਤੀ ਤੇ ਪ੍ਰਤਾਪਪੁਰਾ ਤੋਂ 37 ਸਾਲਾ ਔਰਤ ਸ਼ਾਮਲ ਸੀ।
ਦੱਸ ਦੇਈਏ ਕਿ ਬੀਤੇ ਦਿਨ ਜ਼ਿਲੇ ਵਿਚ ਆਰਟੀਏ ਬਰਜਿੰਦਰ ਕੁਮਾਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਇਨ੍ਹਾਂ ਮਰੀਜ਼ਾਂ ਵਿਚ ਇਕ ਦਸ ਮਹੀਨੇ ਦਾ ਬੱਚਾ ਤੇ ਮਹਿਤਪੁਰ ਥਾਣੇ ਦੇ 14 ਮੁਲਾਜ਼ਮ ਤੇ ਆਈਬੀਪੀ ਦੇ ਜਵਾਨ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਦੇ ਕੁਲ 28721 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 26285 ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਹੁਣ ਤੱਕ ਜ਼ਿਲੇ ਵਿਚੋਂ 713 ਲੋਕ ਡਿਸਚਾਰਜ ਹੋ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 445 ਹੈ।