Major negligence on Govt rations : ਫਤਹਿਗੜ੍ਹ ਸਾਹਿਬ : ਅਮਲੋਹ ਵਿਚ ਕੋਰੋਨਾ ਸੰਕਟ ਦੌਰਾਨ ਵੰਡੇ ਜਾਣ ਵਾਲੇ ਸਰਕਾਰੀ ਰਾਸ਼ਨ ਦੀ ਸਹੀ ਰਖ-ਰਖਾਅ ਨਾ ਹੋਣ ਦੇ ਚੱਲਦਿਆਂ ਇਸ ਦੇ ਖਰਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੁੰਡੀ ਪੈਣ ਕਾਰਨ ਰਾਸ਼ਨ ਦੀ ਵੰਡ ਨਹੀਂ ਹੋ ਪਾਈ। ਉਥੇ ਹੀ ਰਾਸ਼ਨ ਨੂੰ ਦੀ ਪੈਕਿੰਗ ਇਕ ਮਹੀਨੇ ਪੁਰਾਣੀ ਹੈ ਤਾਂ ਸਵਾਲ ਇਹ ਉਠਦਾ ਹੈ ਕਿ ਜਦੋਂ ਇਹ ਰਾਸ਼ਨ ਆਇਆ ਤਾਂ ਉਸ ਸਮੇਂ ਇਸ ਨੂੰ ਤੁਰੰਤ ਕਿਉਂ ਨਹੀਂ ਵੰਡਿਆ ਗਿਆ ਅਤੇ ਨਾ ਵੰਡੇ ਜਾਣ ਦੀ ਸੂਰਤ ਵਿਚ ਵੀ ਇਸ ਦਾ ਸਹੀ ਤਰ੍ਹਾਂ ਤੋਂ ਰਖ-ਰਖਾਅ ਕਿਉਂ ਨਹੀਂ ਕੀਤਾ ਗਿਆ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇਹ ਰਾਸ਼ਨ ਲੋਕਾਂ ਵਿਚ ਵੰਡਿਆ ਜਾਣ ਲੱਗਾ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਸ਼ਨੀਵਾਰ ਛੁੱਟੀ ਵਾਲੇ ਦਿਨ ਹੀ ਅਮਲੋਹ ਦੇ ਪਸ਼ੂ ਹਸਪਤਾਲ ਦੇ ਇਕ ਕਮਰੇ ਵਿਚ ਬਣਾਏ ਰਾਸ਼ਨ ਦੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਗੋਦਾਮ ਵਿਚ ਇਕ ਮਹੀਨਾ ਪੁਰਾਣੀ ਪੈਕਿੰਗ ਦੀਆਂ 500 ਕਿੱਟਾਂ ਪਈਆਂ ਹਨ, ਜਿਨ੍ਹਾਂ ਵਿਚ ਕੈਪਟਨ ਸਰਕਾਰ ਵੱਲੋਂ ਲੋੜਵੰਦਾਂ ਨੂੰ ਵੰਡਣ ਲਈ ਭੇਜੀਆਂ ਗਈਆਂ ਇਨ੍ਹਾਂ ਹਰੇਕ ਕਿੱਟਾਂ ਵਿਚ 10 ਕਿਲੋ ਆਟਾ, ਦੋ ਕਿਲੋ ਖੰਡ ਅਤੇ ਦੋ ਕਿਲੋ ਦਾਲ ਪੈਕ ਕੀਤੀ ਗਈ ਹੈ। ਅਮਲੋਹ ਨਗਰ ਕੌਂਸਲ ਨੇ ਇਹ ਕਿੱਟਾਂ ਮੰਡੀ ਗੋਬਿੰਦਗੜ੍ਹ ਤੋਂ ਮੰਗਵਾਈਆਂ ਸਨ। ਇਸ ਸਬੰਧੀ ਪਤਾ ਲੱਗਣ ’ਤੇ ਭਾਜਪਾ ਜ਼ਿਲਾ ਪ੍ਰਧਾਨ ਪ੍ਰਦੀਪ ਗਰਗ ਨੇ ਆਪਣੇ ਸਾਥੀਆਂ ਨਾਲ ਗੋਦਾਮ ਦੇ ਬਾਹਰ ਪਹੁੰਚ ਕੇ ਧਰਨਾ ਦਿੱਤਾ ਤੇ ਗੋਦਾਮ ਨੂੰ ਸੀਲ ਕਰਨ ਆਈ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਤੋਂ ਤਾਲੇ ਦੀ ਚਾਬੀ ਲੈ ਕੇ ਧਰਨਾ ਖਤਮ ਕੀਤਾ। ਗਰਗ ਨੇ ਕਿਹਾ ਕਿ ਸੋਮਵਾਰ ਨੂੰ ਉਹ ਆਪਣੀ ਨਿਗਰਾਨੀ ਹੇਠ ਗੋਦਾਮ ਖੁੱਲ੍ਹਵਾ ਕੇ ਜਾਂਚ ਕਰਵਾਉਣਗੇ।
ਇਸ ਬਾਰੇ ਐਸਡੀਐਮ ਅਮਲੋਹ ਨੇ ਦੱਸਿਆ ਕਿ ਖਰਾਬ ਰਾਸ਼ਨ ਵੰਡਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਗੋਦਾਮ ਸੀਲ ਕਰਵਾ ਕੇ ਰਾਸ਼ਨ ਵੰਡ ’ਤੇ ਰੋਕ ਲਗਾ ਦਿੱਤੀ ਹੈ, ਜਿਸ ਦੀ ਸੋਮਵਾਰ ਨੂੰ ਜਾਂਚ ਕੀਤੀ ਜਾਵੇਗੀ। ਉਥੇ ਹੀ ਏਡੀਸੀ ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ ਕਿ ਰਾਸ਼ਣ ਵੰਡਣ ਵਿਚ ਦੇਰ ਕਿਉਂ ਹੋਈ ਅਤੇ ਇਸ ਸਬੰਧੀ ਜ਼ਿੰਮੇਵਾਰੀ ਲੋਕਾਂ ਖਿਲਾਫ ਕਾਰਵਾਈ ਕਰਵਾਈ ਜਾਵੇਗੀ।