Eighty Four new Corona : ਜਲੰਧਰ ਵਿਚ ਕੋਰੋਨਾ ਮਹਾਮਾਰੀ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਅੱਜ ਫਿਰ ਜ਼ਿਲੇ ਵਿਚ ਕੋਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਹਨ, ਜਿਥੇ 84 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਲਗਾਤਾਰ ਤੇਜ਼ੀ ਨਾਲ ਵਧਦੇ ਮਾਮਲਿਆਂ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 1400 ਤੋਂ ਪਾਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਵਿਚ ਜਲੰਧਰ ਜ਼ਿਲਾ ਪੰਜਾਬ ਵਿਚ ਦੂਜੇ ਨੰਬਰ ’ਤੇ ਪਹੁੰਚ ਚੁੱਕਾ ਹੈ ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਕੋਰੋਨਾ ਦੇ 71 ਮਾਮਲੇ ਸਾਹਮਣੇ ਆਏ ਸਨ ਅਤੇ ਕੋਰੋਨਾ ਕਾਰਨ ਹਸਪਤਾਲ ਵਿਚ ਦੋ ਲੋਕਾਂ ਨੇ ਦਮ ਤੋੜ ਦਿੱਤਾ ਸੀ। ਮੰਗਲਵਾਰ ਨੂੰ ਸਾਹਮਣੇ ਆਏ ਇਨ੍ਹਾਂ ਮਾਮਲਿਆਂ ਵਿਚ ਸੰਗਰੂਰ ਵਿਚ ਤਾਇਨਾਤ ਡੀਐਸਪੀ ਅਤੇ ਕਿਡਨੀ ਹਸਪਤਾਲ ਦਾ ਇਕ ਡਾਕਟਰ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਅਮਰ ਗਾਰਡਨ ਦੇ ਇਕ 55 ਸਾਲਾ ਵਿਅਕਤੀ ਨੇ ਅਤੇ ਮਾਡਲ ਟਾਊਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਜੋਕਿ ਹੋਰ ਵੀ ਬੀਮਾਰੀਆਂ ਤੋਂ ਪੀੜਤ ਸੀ, ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ।
ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 30261 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 254 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲੇ ਵਿਚ ਹੁਣ ਤੱਕ 27542 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ ਤੋਂ 63 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਕੇ ਘਰ ਭੇਜਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 827 ਹੋ ਗਈ ਹੈ।