punjab in weather Monsoon:ਪੰਜਾਬ ‘ਚ ਆਉਣ ਵਾਲੇ ਦਿਨ੍ਹਾਂ ਦੌਰਾਨ ਮਾਨਸੂਨ ਫਿਰ ਤੋਂ ਐਕਟਿਵ ਹੋਣ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਥਾਵਾ ‘ਤੇ ਮੀਂਹ ਪੈਣਾ ਹੈ ਅਤੇ ਖਾਸ ਕਰਕੇ ਮਾਝੇ ਦੇ ਇਲਾਕਿਆਂ ‘ਚ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਪੰਜਾਬ ਚ ਆਉਂਦੇ ਤਿੰਨ ਦਿਨ ਤੱਕ ਜ਼ਿਆਦਾਤਰ ਥਾਵਾਂ ਤੇ ਦਰਮਿਆਨੀ ਤੋਂ ਤੇਜ਼ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ‘ਚ ਜੁਲਾਈ ਮਹੀਨੇ ਦੌਰਾਨ 217 ਐੱਮ.ਐੱਮ ਔਸਤਨ ਮੀਂਹ ਪੈਂਦਾ ਹੈ ਪਰ ਹੁਣ ਤੱਕ ਲੁਧਿਆਣਾ ‘ਚ 14 ਜੁਲਾਈ ਤੱਕ 188 ਐੱਮ. ਐੱਮ. ਬਾਰਿਸ਼ ਹੋਈ ਹੈ।
ਡਾਕਟਰ ਪ੍ਰਭਜੋਤ ਨੇ ਇਹ ਵੀ ਦੱਸਿਆ ਹੈ ਕਿ ਜਿਸ ਰਫ਼ਤਾਰ ਨਾਲ ਮਾਨਸੂਨ ਮੀਂਹ ਪੈ ਰਿਹਾ ਹੈ। ਇੰਝ ਲੱਗਦਾ ਹੈ ਕਿ ਜੁਲਾਈ ਮਹੀਨੇ ‘ਚ ਔਸਤਨ ਤੋਂ ਵੱਧ ਮੀਂਹ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਪਾਰੇ ‘ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਮਾਝੇ ਦੇ ਇਲਾਕੇ ‘ਚ ਜਲੰਧਰ-ਲੁਧਿਆਣਾ ਤੱਕ ਵੀ ਮੀਂਹ ਕਾਫੀ ਤੇਜ਼ ਪਵੇਗਾ।