Corona Test of CM : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਇਕ ਦਿਨ ਬਾਅਦ ਬੁੱਧਵਾਰ ਨੂੰ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਬਨਿਟ ਦੇ ਸਾਰੇ ਮੰਤਰੀਆਂ ਦੇ ਨਾਲ-ਨਾਲ ਵਿਧਾਇਕਾਂ ਅਤੇ ਵਿਭਾਗ ਦੇ ਸਕੱਤਰਾਂ ਨੂੰ ਖੁਦ ਦੇ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ। ਇਸ ਦੀ ਪੁਸ਼ਟੀ ਇਕ ਸਰਕਾਰੀ ਬੁਲਾਰੇ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਦੋ ਹੋਰ ਮੰਤਰੀਆਂ, ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਨੇ ਵੀ ਅੱਜ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ, ਜਦੋਂ ਕਿ ਕੁਝ ਮੰਤਰੀਆਂ ਦਾ ਬੀਤੇ ਦਿਨ ਕੋਰੋਨਾ ਟੈਸਟ ਹੋਇਆ ਸੀ।
ਕੈਬਨਿਟ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ, ਖ਼ਾਸਕਰ ਜੋ ਕੋਰੋਨਾ ਪਾਜ਼ੀਟਿਵ ਆਏ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਫਸਰਾਂ ਦੇ ਸੰਪਰਕ ਵਿੱਚ ਆਏ ਹਨ, ਨੂੰ ਕੋਰੋਨ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ। ਇਸ ਦੇ ਨਾਲ ਹੀ ਕੈਪਟਨ ਨੇ ਪਬਲਿਕ ਮੀਟਿੰਗ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਨ ਲਈ ਕਿਹਾ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਈਏਐਸ ਅਧਿਕਾਰੀ ਵਿਪੁਲ ਉੱਜਵਲ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ 10 ਜੁਲਾਈ ਨੂੰ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ 11 ਜੁਲਾਈ ਨੂੰ ਰਿਪੋਰਟ ਨੈਗੇਟਿਵ ਆਈ ਸੀ ਪਰ ਦੂਜੀ ਵਾਰ ਟੈਸਟ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਮਿਲੀ ਜਾਣਕਾਰੀ ਮੁਤਾਬਕ ਬਾਜਵਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।