Kapurthala man dies at Jalandhar : ਕੋਰੋਨਾ ਦਾ ਕਹਿਰ ਸੂਬੇ ਵਿਚ ਘਟਦਾ ਨਜ਼ਰ ਨਹੀਂ ਆ ਰਿਹਾ। ਅੱਜ ਫਿਰ ਸੂਬੇ ਵਿਚ ਕਪੂਰਥਲਾ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ 65 ਸਾਲਾ ਵਿਅਕਤੀ ਨੇ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਦਾ ਇਕ ਨਵਾਂ ਮਾਮਲਾ ਵੀ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਕਿਡਨੀ ਦੀ ਬੀਮਾਰੀ ਤੋਂ ਪੀੜਤ ਸੀ, ਜਿਸ ਦੇ ਚੱਲਦਿਆਂ ਉਸ ਦਾ ਡਾਇਲਾਸਿਸ ਕਰਵਾਇਆ ਜਾ ਰਿਹਾ ਸੀ। ਬੀਤੇ ਮੰਗਲਵਾਰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਦੇ ਨਾਲ ਹੀ ਜ਼ਿਲੇ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
ਨਵੇਂ ਸਾਹਮਣੇ ਆਏ ਮਾਮਲੇ ਵਿਚ ਕਪੂਰਥਲਾ ਦੀ ਸੰਤਪੁਰਾ ਮੁਹੱਲਾ ਦੀ ਇਕ 29 ਸਾਲਾ ਲੜਕੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਹ ਲੜਕੀ ਆਰਟੀਓ ਦਫਤਰ ਜਲੰਧਰ ਵਿਚ ਹੀ ਕੰਮ ਕਰਦੀ ਹੈ। ਦੱਸਣਯੋਗ ਹੈ ਕਿ ਕਪੂਰਥਲਾ ਵਿਚ ਹੁਣ ਤੱਕ ਕੋਰੋਨਾ ਦੇ 142 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 94 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਜ਼ਿਲੇ ਵਿਚ ਅਜੇ 41 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਬੜੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੂਬੇ ਵਿਚ ਹੁਣ ਤੱਕ ਕੋਰੋਨਾ ਦੇ 8861 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਉਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 226 ਹੋ ਚੁੱਕੀ ਹੈ। ਹਾਲਾਂਕਿ ਹੁਣ ਤੱਕ 6067 ਮਰੀਜ਼ ਇਸ ਮਹਾਮਾਰੀ ਤੋਂ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਫਿਰ ਵੀ ਅਜੇ 2542 ਮਾਮਲੇ ਸਰਗਰਮ ਹੈ। ਦੱਸਣਯੋਗ ਹੈ ਕਿ ਸੂਬੇ ਵਿਚ ਸਭ ਤੋਂ ਵਧ ਮਾਮਲੇ ਲੁਧਿਆਣਾ ਤੋਂ 1581, ਜਲੰਧਰ ਤੋਂ 1459 ਤੇ ਅੰਮ੍ਰਿਤਸਰ ਤੋਂ 1147 ਸਾਹਮਣੇ ਆਏ ਹਨ।