SHO and ASI release gangster : ਬਰਨਾਲਾ ਵਿਖੇ ਇਕ ਐਸਐਚਓ ਅਤੇ ਏਐਸਆਈ ਵੱਲੋਂ ਰਿਸ਼ਵਤ ਲੈ ਕੇ ਇਕ ਗੈਂਗਸਟਰ ਨੂੰ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਦੋਹਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਏਐਸਆਈ ਪਵਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਐਸਐਚਓ ਬਲਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਜਗਦੇਵ ਸਿੰਘ ਨਾਂ ਦੇ ਇਕ ਵਿਅਕਤੀ ਨੇ ਪੁਲਿਸ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੀ ਪਤਨੀ ਸੋਨੀ, ਜੋਕਿ ਦੋ ਬੱਚਿਆਂ ਦੀ ਮਾਂ ਹੈ, ਘਰੋਂ ਕਿਤੇ ਚਲੀ ਗਈ ਹੈ, ਜਿਸ ਨੂੰ ਪੁਲਿਸ ਨੇ ਲੰਗੋਆਣਾ ਤੋਂ ਲੱਭ ਲਿਆ ਸੀ। ਪੁਲਿਸ ਮੁਤਾਬਕ ਉਕਤ ਔਰਤ ਦਵਿੰਦਰ ਸਿੰਘ ਨਾਂ ਦੇ ਗੈਂਗਸਟਰ ਨਾਲ ਗਈ ਸੀ, ਜਿਸ ’ਤੇ ਕਈ ਮਾਮਲੇ ਦਰਜ ਹਨ। ਦਵਿੰਦਰ ਸਿੰਘ ਅਤੇ ਉਸ ਦੇ ਇਕ ਸਾਥੀ ਲਵਪ੍ਰੀਤ ਸਿੰਘ ’ਤੇ ਉਕਤ ਔਰਤ ਦੇ ਬੈਂਕ ਖਾਤੇ ਵਿਚੋਂ ਚਾਰ ਲੱਖ ਰੁਪਏ ਕਢਵਾਉਣ ਦੇ ਦੋਸ਼ ਲੱਗੇ ਸਨ। ਐਸਐਚਓ ਅਤੇ ਏਐਸਆਈ ਨੂੰ ਇਸ ਗੱਲ ਦੀ ਜਾਣਕਾਰੀ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਬਜਾਏ ਔਰਤ ਨੂੰ ਉਸ ਦੇ ਘਰ ਬੇਜ ਦਿੱਤਾ ਅਤੇ ਦਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਤੋਂ 3 ਲੱਖ ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਦੋਹਾਂ ਨੂੰ ਮਾਮਲੇ ਵਿਚ ਨਾਮਜ਼ਦ ਕਰਨ ਦੀ ਬਜਾਏ ਉਨ੍ਹਾਂ ਨੂੰ ਛੱਡ ਦਿੱਤਾ।
ਇਸ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਰਨਾਲਾ ਸ. ਲਖਬੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ-1 ਬਰਨਾਲਾ ਦੇ ਐਸਐਚਓ ਬਲਜੀਤ ਸਿੰਘ ਅਤੇ ਏਐਸਆਈ ਪਵਨ ਕੁਮਾਰ ’ਤੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਸਬੰਧੀ ਐਫਆਈਆਰ ਨੰਬਰ 347 ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਵਿਚ ਏਐਸਆਈ ਪਵਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 1 ਲੱਖ ਪੰਜ ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਗਈ ਹੈ, ਜਦਕਿ ਐਸਐਚਓ ਅਜੇ ਫਰਾਰ ਹੈ।