Five Cases of Corona found : ਕੋਰੋਨਾ ਦੇ ਮਾਮਲੇ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਦੇ ਰੋਜ਼ਾਨਾ ਵਧਦੇ ਮਾਮਲਿਆਂ ਨੇ ਜਿਥੇ ਸਰਕਾਰ ਦੀ ਚਿੰਤਾ ਵਧਾਈ ਹੈ ਉਥੇ ਹੀ ਆਮ ਲੋਕਾਂ ਨੂੰ ਵੀ ਦਹਿਸ਼ਤ ਵਿਚ ਪਾਇਆ ਹੋਇਆ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਜਲਾਲਾਬਾਦ ਤੋਂ ਕੋਰੋਨਾ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਤਿੰਨ ਮਰਦ ਤੇ ਇਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਉਥੇ ਹੀ ਲਹਿਰਾਗਾਗਾ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਹ ਚਾਰੋ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਇਨ੍ਹਾਂ ਦੇ ਸੈਂਪਲ 15 ਜੁਲਾਈ ਨੂੰ ਲਏ ਗਏ ਸਨ ਤੇ ਅੱਜ ਸ਼ੁੱਕਰਵਾਰ ਨੂੰ 55 ਸਾਲਾ ਵਿਅਕਤੀ, 32 ਸਾਲਾ ਵਿਅਕਤੀ, 54 ਸਾਲਾ ਵਿਅਕਤੀ ਅਤੇ ਇਕ 30 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਉਥੇ ਹੀ ਲਹਿਰਾਗਾਗਾ ਵਿਚ ਵੀ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਲਹਿਲ ਕਲਾਂ ਦੇ ਸਰਪੰਚ ਜਸਵਿੰਦਰ ਸਿੰਘ ਰਿੰਪੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਦਿਨ ਪਹਿਲਾਂ ਹੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਵਿਚ ਘਰ ਵਿਚ ਹੀ ਕੁਆਰੰਟਾਈਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਥੇ ਹੁਣ ਤੱਕ ਸੂਬੇ ਵਿਚ ਇਸ ਦੇ 9120 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਉਥੇ ਹੀ ਇਸ ਨਾਲ ਹੁਣ ਤੱਕ ਸੂਬੇ ਵਿਚ 231 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।