Seven new cases of Corona : ਕੋਰੋਨਾ ਦੇ ਮਾਮਲੇ ਫਾਜ਼ਿਲਕਾ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਫਿਰ ਜ਼ਿਲੇ ਤੋਂ ਇਸ ਦੇ ਨਵੇਂ 7 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਚਾਰ ਮਰੀਜ਼ ਅਬੋਹਰ ਨਾਲ ਸਬੰਧਤ ਹਨ, ਜਦਕਿ ਇਕ ਪਿੰਡ ਨੂਰਪੁਰਾ ਤੇ ਦੋ ਮਰੀਜ਼ ਜਲਾਲਾਬਾਦ ਦੇ ਪਿੰਡ ਰੱਤਾਥੇੜਾ ਦੇ ਰਹਿਣ ਵਾਲੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਰੱਤਾਥੇੜਾ ਦੇ ਪਾਜ਼ੀਟਿਵ ਆਏ ਮਰੀਜ਼ ਪਿੰਡ ਦੇ ਹੀ ਕੋਰੋਨਾ ਪੀੜਤ ਮ੍ਰਿਤਕ ਵਿਅਕਤੀ ਦੇ ਸੰਪਰਕ ਵਾਲੇ ਹਨ। ਦੱਸਣਯੋਗ ਹੈ ਕਿ ਫਾਜ਼ਿਲਕਾ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 149 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 102 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ।
ਉਧਰ ਭਵਾਨੀਗੜ੍ਹ ’ਚ ਨੈਸ਼ਨਲ ਹਾਈਵੇ ’ਤੇ ਦਸਮੇਸ਼ ਨਗਰ ਨੇੜੇ ਸਥਿਤ ਮੁਥੂਟ ਫਾਈਨਾੰਸ ਦੀ ਬਾਂਚ ਦੀ ਇਕ ਮਹਿਲਾ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਆਉਣ ‘ਤੇ ਦਫਤਰ ਵਿਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਪ੍ਰਵੀਨ ਗਰਗ ਅਤੇ ਹੈਲਥ ਇੰਸਪੈਕਟਰ ਕਾਕਾ ਰਾਮ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਸਾਹਮਣੇ ਆਏ ਕੋਰੋਨਾ ਦੇ 6 ਪਾਜ਼ੀਟਿਵ ਮਾਮਲਿਆਂ ਵਿਚ ਮੁਥੂਟ ਫਾਈਨਾੰਸ ਬ੍ਰਾਂਚ ਦੀ ਮੁਲਾਜ਼ਮ ਸੀਮਾ ਰਾਣੀ ਵੀ ਸ਼ਾਮਲ ਹੈ। ਹੁਣ ਬ੍ਰਾਂਚ ਦੇ ਸਾਰੇ ਮੁਲਾਜ਼ਮਾਂ ਦੇ ਸੈਂਪਲ ਲਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਇਥੇ ਕੰਮ ਕਰਦੇ 8 ਮੁਲਾਜ਼ਮਾਂ ਵਿਚੋਂ ਜੇਕਰ ਕਿਸੇ ਹੋਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਉਂਦੀ ਹੈ ਤਾਂ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ। ਫਿਲਹਾਲ ਬ੍ਰਾਂਚ ਵਿਚ ਪਬਲਿਕ ਡੀਲਿੰਗ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ ਅਤੇ ਬ੍ਰਾਂਚ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।